ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਪਿੰਡਾਂ ਨੂੰ ਸਾਫ-ਸੁਥਰਾ ਬਣਾਉਣ ਲਈ ਕਾਰਜ ਸ਼ੁਰੂ
ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਪਿੰਡਾਂ ਨੂੰ ਸਾਫ-ਸੁਥਰਾ ਤੇ ਗੰਦਗੀ ਮੁਕਤ ਬਣਾਉਣ ਲਈ ਕਾਰਜ ਸ਼ੁਰੂ
Publish Date: Tue, 16 Sep 2025 05:56 PM (IST)
Updated Date: Tue, 16 Sep 2025 05:56 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਨੂੰ ਮੁੜ ਤੋਂ ਉਬਾਰਨ ਲਈ ਉਪਰਾਲੇ ਸ਼ੁਰੂ ਕੀਤੇ ਜਾ ਚੁੱਕੇ ਹਨ। ਪਾਣੀ ਦੀ ਲਪੇਟ ਵਿਚ ਆਏ ਪਿੰਡਾਂ ਦੇ ਵਸਨੀਕਾਂ ਨੂੰ ਸਾਫ-ਸੁਥਰਾ ਤੇ ਗੰਦਗੀ ਮੁਕਤ ਵਾਤਾਵਰਣ ਦੇਣ ਲਈ ਪੇਂਡੂ ਵਿਕਾਸ ਵਿਭਾਗ ਵੱਲੋਂ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦੇ ਵਧੀਕ ਡਿਪਟੀ ਕਸਿਮ਼ਨਰ ਵਿਕਾਸ ਸੁਭਾਸ਼ ਚੰਦਰ ਨੇ ਦੱਸਿਆ ਕਿ ਹੜ੍ਹਾਂ ਉਪਰੰਤ ਪਾਣੀ ਉਤਰਨ ਤੋਂ ਬਾਅਦ ਪਿੰਡਾਂ ਦੀਆਂ ਗਲੀਆਂ, ਸਕੂਲਾਂ, ਬਿਲਡਿੰਗਾਂ, ਘਰਾਂ ਦੀਵਾਰਾਂ ਤੇ ਗੰਦਗੀ ਤੇ ਗਾਰ ਚੜ੍ਹ ਗਈ ਹੈ ਤੇ ਕਾਫੀ ਗੰਦਗੀ ਹੋ ਗਈ ਹੈ। ਉਨ੍ਹਾਂ ਆਖਿਆ ਕਿ ਗਾਰ ਤੇ ਗੰਦਗੀ ਨੂੰ ਸਾਫ ਪਾਣੀ ਨਾਲ ਉਤਾਰਿਆ ਜਾ ਰਿਹਾ ਹੈ ਤਾਂ ਜੋ ਜਲਦ ਤੋਂ ਜਲਦ ਪਿੰਡਾਂ ਨੂੰ ਸਾਫ-ਸੁਥਰਾ ਬਣਾਇਆ ਜਾ ਸਕੇ ਤੇ ਪਿੰਡਾਂ ਅੰਦਰ ਜਨ ਜੀਵਨ ਨੂੰ ਰੋਜਾਨਾਂ ਆਮ ਵਾਂਗ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗਾਰ ਅਤੇ ਗੰਦਗੀ ਹੋਣ ਨਾਲ ਬਿਮਾਰੀਆਂ ਦੇ ਫੈਲਾਅ ਦਾ ਖਤਰਾ ਬਣ ਜਾਂਦਾ ਹੈ, ਇਸ ਕਰਕੇ ਸਥਾਨਕ ਥਾਵਾਂ ਨੂੰ ਜਲਦ ਤੋਂ ਜਲਦ ਸਾਫ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਲੜੀ ਤਹਿਤ ਦਾਨੀ ਸਜਣ ਦਾ ਪ੍ਰੈਸ਼ਰ ਵਾਸ਼ਿੰਗ ਮਸ਼ੀਨ ਭੇਟ ਕਰਨ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਸੀਨ ਸਬੰਧਤ ਬੀ.ਡੀ.ਪੀ.ਓ ਨੂੰ ਸਪੁਰਦ ਕੀਤੀ ਗਈ ਹੈ ਤਾਂ ਸ਼ਡਿਉਲ ਅਨੁਸਾਰ ਸਾਫ-ਸਫਾਈ ਕਰਵਾ ਕੇ ਦੀ ਪਿੰਡਾਂ ਦੀ ਦਿਖ ਅਤੇ ਨੁਹਾਰ ਪਹਿਲਾਂ ਵਾਂਗ ਬਣਾਈ ਜਾ ਸਕੇ। ਦਾਨੀ ਸਜਨ ਪਰਮਾਨੰਦ ਕਹਿੰਦੇ ਹਨ ਕਿ ਹੜ੍ਹਾਂ ਤੋਂ ਬਾਅਦ ਸਰਹੱਦੀ ਪਿੰਡਾਂ ਦੇ ਜੀਵਨ ਵਿਚ ਖਲੋਤ ਆਈ ਹੈ ਤੇ ਪਿੰਡਾਂ ਦੇ ਵਸਨੀਕਾਂ ਨੂੰ ਕਾਫੀ ਪ੍ਰੇਸ਼ਾਣੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਨੂੰ ਮੁੜ ਵਸੇਬਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਹੋਰਨਾਂ ਦਾਨੀ ਸਜਨਾਂ ਨੂੰ ਅਪੀਲ ਕੀਤੀ ਕਿ ਜਨ ਜੀਵਨ ਨੂੰ ਸੁਖਾਲਾ ਅਤੇ ਸੁਚਾਰੂ ਬਣਾਉਣ ਲਈ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਬੀ.ਡੀ.ਪੀ.ਓ ਲਾਲ ਸਿੰਘ, ਦਰਸ਼ਨ ਸਿੰਘ ਪੰਚਾਇਤ ਅਫਸਰ, ਪੇਂਡੂ ਵਿਕਾਸ ਵਿਭਾਗ ਤੋਂ ਵਿਪਨ ਅਤੇ ਹੋਰ ਸਟਾਫ ਮੌਜੂਦ ਸੀ।