8.90 ਕਰੋੜ ਦੀ ਗਰਾਂਟ ਨਾਲ ਸਰਕਾਰੀ ਹਸਪਤਾਲ ’ਚ ਮਿਲਣਗੀਆਂ ਆਧੁਨਿਕ ਇਲਾਜ ਸਹੂਲਤਾਂ : ਗੋਲਡੀ ਕੰਬੋਜ
8 ਕਰੋੜ 90 ਲੱਖ ਦੀ ਗਰਾਂਟ ਨਾਲ ਸਰਕਾਰੀ ਹਸਪਤਾਲ ਵਿੱਚ ਵੱਡੇ ਪੱਧਰ ‘ਤੇ ਮਿਲਣਗੀਆਂ , ਆਧੁਨਿਕ ਇਲਾਜ ਸਹੂਲਤਾਂ- ਗੋਲਡੀ ਕੰਬੋਜ
Publish Date: Tue, 05 May 2026 03:41 PM (IST)
Updated Date: Tue, 05 May 2026 03:44 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਮਿਆਰੀ ਇਲਾਜ ਅਤੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵੱਲ ਇੱਕ ਹੋਰ ਅਹਿਮ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਵੱਲੋਂ 8 ਕਰੋੜ 90 ਲੱਖ ਰੁਪਏ ਦੀ ਵੱਡੀ ਗਰਾਂਟ ਮਨਜ਼ੂਰ ਕੀਤੀ ਗਈ ਹੈ। ਇਸ ਗਰਾਂਟ ਦੇ ਤਹਿਤ ਹਸਪਤਾਲ ਵਿੱਚ ਨਵੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਇਮਾਰਤ ਦੀ ਮੁਰੰਮਤ ਅਤੇ ਹੋਰ ਜ਼ਰੂਰੀ ਕੰਮ ਵੀ ਕਰਵਾਏ ਜਾਣਗੇ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਇੱਕ ਹੀ ਛੱਤ ਹੇਠ ਵਧੀਆ ਇਲਾਜ ਮਿਲ ਸਕੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਹਤ ਸਹੂਲਤਾਂ ਦੇ ਨਵੇਂ ਪ੍ਰੋਜੈਕਟ ਤਹਿਤ ਹਸਪਤਾਲ ਵਿੱਚ ਨਵਾਂ ਬਲੱਡ ਬੈਂਕ ਸਥਾਪਿਤ ਕੀਤਾ ਜਾਵੇਗਾ, ਜੋ ਐਮਰਜੈਂਸੀ ਸਥਿਤੀਆਂ ਵਿੱਚ ਮਰੀਜ਼ਾਂ ਲਈ ਜੀਵਨਦਾਨ ਸਾਬਤ ਹੋਵੇਗਾ। ਇਸ ਤੋਂ ਇਲਾਵਾ 5 ਨਵੇਂ ਆਈ ਸੀ ਯੂ ਬੈਡ ਵੀ ਲਗਾਏ ਜਾਣਗੇ, ਜਿਸ ਨਾਲ ਗੰਭੀਰ ਮਰੀਜ਼ਾਂ ਦੀ ਸੰਭਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਹਸਪਤਾਲ ਵਿੱਚ ਹੀ ਮੋਰਚਰੀ ਹਾਲ ਦੀ ਵੀ ਵਿਵਸਥਾ ਕੀਤੀ ਜਾਵੇਗੀ, ਜਿਸ ਨਾਲ ਪਰਿਵਾਰਾਂ ਨੂੰ ਸੁਵਿਧਾਜਨਕ ਸੇਵਾਵਾਂ ਮਿਲਣਗੀਆਂ। ਵਿਧਾਇਕ ਗੋਲਡੀ ਨੇ ਦੱਸਿਆ ਕਿ ਹਸਪਤਾਲ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਲਈ ਲੈਪੋਰੋਸਕੋਪੀ ਮਸ਼ੀਨ ਵੀ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਨਾਲ ਛੋਟੀ ਕੱਟ ਨਾਲ ਸਰਜਰੀ ਦੀ ਸਹੂਲਤ ਉਪਲਬਧ ਹੋਵੇਗੀ ਅਤੇ ਮਰੀਜ਼ਾਂ ਦੀ ਰਿਕਵਰੀ ਵੀ ਤੇਜ਼ ਹੋਵੇਗੀ। ਇਸਦੇ ਨਾਲ ਹੀ ਸੁਰੱਖਿਆ ਅਤੇ ਨਿਗਰਾਨੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਹਸਪਤਾਲ ਦੇ ਅੰਦਰ ਤੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਇਲਾਕੇ ਵਿੱਚ ਹੀ ਉੱਚ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ 8.90 ਕਰੋੜ ਦੀ ਗਰਾਂਟ ਸਿਰਫ਼ ਇੱਕ ਆਰੰਭ ਹੈ, ਅਸੀਂ ਹਸਪਤਾਲਾਂ ਨੂੰ ਇਸ ਤਰ੍ਹਾਂ ਤਿਆਰ ਕਰ ਰਹੇ ਹਾਂ ਕਿ ਲੋਕਾਂ ਨੂੰ ਵੱਡੇ ਸ਼ਹਿਰਾਂ ਵੱਲ ਰੁਖ ਨਾ ਕਰਨਾ ਪਵੇ। ਸਾਡਾ ਮਕਸਦ ਹੈ ਕਿ ਹਰ ਮਰੀਜ਼ ਨੂੰ ਆਪਣੇ ਹੀ ਹਲਕੇ ਵਿੱਚ ਮਿਆਰੀ ਇਲਾਜ ਮਿਲੇ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਬਲੱਡ ਬੈਂਕ ਦੀ ਸਥਾਪਨਾ ਨਾਲ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ ਅਤੇ ਕਿਸੇ ਵੀ ਹਾਦਸੇ ਜਾਂ ਜਰੂਰੀ ਸਥਿਤੀ ਵਿੱਚ ਤੁਰੰਤ ਖੂਨ ਦੀ ਉਪਲਬਧਤਾ ਯਕੀਨੀ ਬਣੇਗੀ। ਆਈਸੀਯੂ ਬੈਡਾਂ ਦੀ ਵਾਧੂ ਸਹੂਲਤ ਨਾਲ ਗੰਭੀਰ ਮਰੀਜ਼ਾਂ ਨੂੰ ਵਧੀਆ ਇਲਾਜ ਮਿਲੇਗਾ, ਜਿਸ ਨਾਲ ਮੌਤ ਦਰ ਵਿੱਚ ਵੀ ਕਮੀ ਆਵੇਗੀ। ਵਿਧਾਇਕ ਨੇ ਦੱਸਿਆ ਕਿ ਲੈਪੋਰੋਸਕੋਪੀ ਮਸ਼ੀਨ ਆਉਣ ਨਾਲ ਹਸਪਤਾਲ ਵਿੱਚ ਆਧੁਨਿਕ ਸਰਜਰੀਆਂ ਹੋਣਗੀਆਂ ਅਤੇ ਲੋਕਾਂ ਨੂੰ ਮਹਿੰਗੇ ਪ੍ਰਾਈਵੇਟ ਹਸਪਤਾਲਾਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੋਰਚਰੀ ਹਾਲ ਅਤੇ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਨਾਲ ਹਸਪਤਾਲ ਦੇ ਪ੍ਰਬੰਧ ਹੋਰ ਸੁਚੱਜੇ ਅਤੇ ਪਾਰਦਰਸ਼ੀ ਬਣਣਗੇ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਹਲਕੇ ਵਿੱਚ ਵਿਕਾਸ ਦੇ ਕੰਮ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਇਸਦਾ ਪੂਰਾ ਲਾਭ ਮਿਲ ਸਕੇ।