ਬੇ-ਮੌਸਮੀ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਕਣਕ ਵਿੱਛੀ, ਕਿਸਾਨ ਚਿੰਤਤ
ਬੇਮੌਸਮੀ ਬਾਰਿਸ਼ ਤੇ ਤੇਜ਼ ਹਵਾਵਾਂ ਕਾਰਨ ਕਣਕ ਵਿੱਛੀ, ਕਿਸਾਨ ਚਿੰਤਤ
Publish Date: Mon, 16 Mar 2026 06:35 PM (IST)
Updated Date: Mon, 16 Mar 2026 06:37 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ ਵਿਚ ਪਏ ਬੇਮੌਸਮੀ ਮੀਂਹ ਅਤੇ ਚੱਲ ਰਹੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਖੇਤਾਂ ਵਿਚ ਪੱਕਣ ਦੇ ਕਿਨਾਰੇ ਖੜੀ ਕਣਕ ਦੀ ਫਸਲ ਕਈ ਥਾਵਾਂ ’ਤੇ ਡਿੱਗ ਕੇ ਵਿੱਛ ਗਈ ਹੈ। ਇਸ ਕਾਰਨ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਖੇਤਾਂ ਵਿਚ ਪਾਣੀ ਨਾਲ ਡਿੱਗੀ ਹੋਈ ਕਣਕ ਨੂੰ ਵੇਖ ਕੇ ਕਿਸਾਨ ਚਿੰਤਾ ਵਿਚ ਡੁੱਬੇ ਹੋਏ ਹਨ ਅਤੇ ਉਨ੍ਹਾਂ ਨੂੰ ਫਸਲ ਦੇ ਝਾੜ ’ਤੇ ਵੀ ਨਕਾਰਾਤਮਕ ਪ੍ਰਭਾਵ ਪੈਣ ਦਾ ਡਰ ਸਤਾਉਣ ਲੱਗ ਪਿਆ ਹੈ। ਫਿਰੋਜ਼ਪੁਰ ’ਚ ਬੀਤੇ ਦਿਨ ਹਲਕੀ ਗੜੇਮਾਰੀ ਹੋਣ ਦੀਆਂ ਖਬਰਾਂ ਵੀ ਮਿਲੀ ਕਸ਼ਮੀਰ ਸਿੰਘ ਸਾਬਕਾ ਸਰਪੰਚ ਰੁਕਨਾ ਮੁੰਗਲਾ ਨੇ ਦੱਸਿਆ ਕਿ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਸੰਭਾਲ ਲਈ ਦਿਨ-ਰਾਤ ਮਿਹਨਤ ਕੀਤੀ ਗਈ ਸੀ। ਹੁਣ ਜਦੋਂ ਫਸਲ ਪੱਕਣ ਦੇ ਮੋੜ ’ਤੇ ਸੀ ਅਤੇ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਣ ਦੀ ਆਸ ਜਗੀ ਸੀ, ਉਸੇ ਸਮੇਂ ਬੇਮੌਸਮੀ ਮੀਂਹ ਅਤੇ ਤੇਜ਼ ਹਵਾਵਾਂ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕਈ ਖੇਤਾਂ ਵਿਚ ਕਣਕ ਦੀ ਫਸਲ ਮੀਂਹ ਦੇ ਪਾਣੀ ਵਿੱਚ ਡਿੱਗੀ ਹੋਈ ਦਿਖਾਈ ਦੇ ਰਹੀ ਹੈ, ਜਿਸ ਨਾਲ ਝਾੜ ਘੱਟਣ ਦੀ ਸੰਭਾਵਨਾ ਹੋਰ ਵੱਧ ਗਈ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਮਾਣਕ ਨੇ ਦੱਸਿਆ ਕਿ ਖ਼ਾਸ ਕਰਕੇ ਉਹ ਕਿਸਾਨ ਜਿਨ੍ਹਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕੀਤੀ ਹੈ, ਉਹ ਸਭ ਤੋਂ ਵੱਧ ਚਿੰਤਾ ਵਿਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਫਸਲ ਦਾ ਝਾੜ ਘੱਟ ਗਿਆ ਤਾਂ ਉਨ੍ਹਾਂ ਲਈ ਖਰਚਾ ਪੂਰਾ ਕਰਨਾ ਵੀ ਮੁਸ਼ਕਲ ਹੋ ਜਾਵੇਗਾ। ਭਗਵਾਨ ਸਿੰਘ ਨੰਬਰਦਾਰ ਨੂਰਪੁਰ ਸੇਠਾਂ ਨੇ ਕਿਹਾ ਕਿ ਪਿਛਲੇ 10-15 ਦਿਨਾਂ ਤੋਂ ਮੌਸਮ ਦਾ ਗਰਮ ਮਿਜਾਜ ਅਤੇ ਹੁਣ ਇਕਦਮ ਬਾਰਸ਼ ਤੇ ਤੇਜ ਹਵਾਵਾਂ ਨਾਲ ਕਣਕ ਦੀ ਫਸਲ ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਦੋ ਸਾਲ ਪਹਿਲਾਂ ਵੀ ਹਾੜੀ ਦੇ ਸੀਜ਼ਨ ਤੋਂ ਪਹਿਲਾਂ ਪਈ ਅਗੇਤੀ ਗਰਮੀ ਕਾਰਨ ਕਣਕ ਦਾ ਦਾਣਾ ਬਹੁਤ ਬਾਰੀਕ ਰਹਿ ਗਿਆ ਸੀ, ਜਿਸ ਨਾਲ ਝਾੜ ਕਾਫੀ ਘੱਟ ਗਿਆ ਸੀ ਅਤੇ ਪੰਜਾਬ ਭਰ ਦੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਸੀ। ਕਈ ਕਿਸਾਨਾਂ ਦੀ ਖੇਤੀ ’ਤੇ ਕੀਤੀ ਗਈ ਲਾਗਤ ਵੀ ਪੂਰੀ ਨਹੀਂ ਹੋਈ ਸੀ। ਹੁਸੈਨੀਵਾਲਾ ਬਾਰਡਰ ਦੇ ਨਾਲ ਲੱਗਦੇ ਕਿਸਾਨਾਂ ਵੱਲੋਂ ਸਬਜ਼ੀਆਂ ਦੀਆਂ ਬੀਜੀਆਂ ਫਸਲਾਂ ਨੂੰ ਵੀ ਨੁਕਸਾਨੀਆਂ ਗਈਆਂ ਹਨ। ਦੂਜੇ ਪਾਸੇ ਮੌਸਮ ਮਾਹਰਾਂ ਅਤੇ ਇੰਟਰਨੈੱਟ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਆਉਣ ਵਾਲੇ ਕੁਝ ਦਿਨ ਹੋਰ ਮੌਸਮ ਠੰਢਾ ਅਤੇ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਕਿਸਾਨ ਤਬਕਾ ਡੂੰਘੀ ਚਿੰਤਾ ਵਿਚ ਹੈ।