ਜ਼ਿਲ੍ਹੇ ’ਚ 714015 ਮੀਟ੍ਰਿਕ ਟਨ ਤੋਂ ਵਧੇਰੇ ਹੋਈ ਕਣਕ ਦੀ ਆਮਦ : ਡੀਸੀ
ਜ਼ਿਲ੍ਹੇ ਵਿਚ 714015 ਮੀਟਰਕ ਟਨ ਤੋਂ ਵਧੇਰੇ ਹੋਈ ਕਣਕ ਦੀ ਆਮਦ : ਡਿਪਟੀ ਕਮਿਸ਼ਨਰ
Publish Date: Tue, 28 Apr 2026 04:37 PM (IST)
Updated Date: Tue, 28 Apr 2026 04:40 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਕਣਕ ਦੀ ਵਾਢੀ ਅਤੇ ਖਰੀਦ ਦਾ ਸੀਜ਼ਨ ਪੂਰੇ ਜੋਰਾਂ ’ਤੇ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਤਾਜ਼ਾ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿਚ ਹੁਣ ਤੱਕ 7,14,015 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਸਦਕਾ ਆਮਦ ਹੋਈ ਕਣਕ ਵਿੱਚੋਂ 6,82,075 ਮੀਟਰਕ ਟਨ ਫਸਲ ਦੀ ਖਰੀਦ ਮੁਕੰਮਲ ਕਰ ਲਈ ਗਈ ਹੈ, ਜੋ ਕਿ ਕੁੱਲ ਆਮਦ ਦਾ ਲਗਭਗ 96 ਫੀਸਦੀ ਬਣਦਾ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਅਦਾਇਗੀ ਦੀ ਪ੍ਰਕਿਰਿਆ ਵੀ ਨਿਰੰਤਰ ਜਾਰੀ ਹੈ ਤਾਂ ਜੋ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਮੁੱਲ ਸਮੇਂ ਸਿਰ ਮਿਲ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੀਦ ਕੀਤੀ ਗਈ ਕੁਲ ਕਣਕ ਵਿਚੋਂ ਪਨਗ੍ਰੇਨ ਵੱਲੋਂ 203878 ਮੀਟਰਕ ਟਨ, ਮਾਰਕਫੈੱਡ ਵਲੋਂ 187606 ਮੀਟਰਕ ਟਨ, ਪਨਸਪ ਵੱਲੋਂ 179056 ਮੀਟਰਕ ਟਨ ਅਤੇ ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 111535 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 238607 ਮੀਟਰਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਜੋ ਕਿ ਖਰੀਦੀ ਗਈ ਕਣਕ ਦਾ 40 ਫੀਸਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਲਿਫਟਿੰਗ ਦਾ ਕੰਮ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿੱਚ 1641.89 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਗਿਆ ਹੈ, ਜਿਸ ਨਾਲ ਕਿਸਾਨਾਂ ਵਿਚ ਸੰਤੁਸ਼ਟੀ ਪਾਈ ਜਾ ਰਹੀ ਹੈ। ਮੰਡੀਆਂ ਵਿਚ ਜਗ੍ਹਾ ਦੀ ਕਿੱਲਤ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਲਿਫਟਿੰਗ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਲਿਫਟਿੰਗ ਦੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਮੰਡੀਆਂ ਵਿਚ ਕਣਕ ਦੇ ਅੰਬਾਰ ਨਾ ਲੱਗਣ ਅਤੇ ਕਿਸਾਨਾਂ ਨੂੰ ਫਸਲ ਲਿਆਉਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।ਡਿਪਟੀ ਕਮਿਸ਼ਨਰ ਨੇ ਵਾਤਾਵਰਣ ਦੇ ਮੁੱਦੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਨੂੰ ਇਕ ਅਹਿਮ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਬਚੀ ਹੋਈ ਰਹਿੰਦ-ਖੂੰਹਦ (ਨਾੜ) ਨੂੰ ਅੱਗ ਲਗਾਉਣਾ ਨਾ ਸਿਰਫ ਵਾਤਾਵਰਣ ਲਈ ਘਾਤਕ ਹੈ, ਸਗੋਂ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਨਸ਼ਟ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਨਾੜ ਨੂੰ ਖੇਤਾਂ ਵਿੱਚ ਹੀ ਮਿਲਾਉਣ, ਤਾਂ ਜੋ ਪ੍ਰਦੂਸ਼ਣ ਨੂੰ ਨੱਥ ਪਾਈ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ-ਸੁਥਰੀ ਹਵਾ ਯਕੀਨੀ ਬਣਾਈ ਜਾ ਸਕੇ।