ਪੰਜ ਗਲੌਕ ਪਿਸਤੌਲਾਂ ਸਮੇਤ ਹਥਿਆਰ ਸਪਲਾਇਰ ਕਾਬੂ
5 ਗਲੌਕ ਪਿਸਤੌਲਾਂ ਸਮੇਤ ਹਥਿਆਰ ਸਪਲਾਇਰ ਕਾਬੂ
Publish Date: Tue, 26 May 2026 06:27 PM (IST)
Updated Date: Wed, 27 May 2026 04:05 AM (IST)
ਫੋਟੋ ਫਾਈਲ: 26 ਐੱਫਜੈੱਡਆਰ 04
* ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ ਗ੍ਰਿਫ਼ਤਾਰ ਮੁਲਜ਼ਮ : ਏਆਈਜੀ ਕਾਊਂਟਰ ਇੰਟੈਲੀਜੈਂਸ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਸਰਹੱਦ ਪਾਰੋਂ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਫਿਰੋਜ਼ਪੁਰ ਟੀਮ ਨੇ ਇਕ ਹਥਿਆਰ ਸਪਲਾਇਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਪੰਜ .30 ਬੋਰ ਗਲੌਕ ਪਿਸਤੌਲ ਨਾਲ ਚਾਰ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਪਿੰਡ ਖੈਰੇ ਕੇ ਉਤਾੜ, ਫਿਰੋਜ਼ਪੁਰ ਵਜੋਂ ਹੋਈ ਹੈ , ਜਿਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਤੇ ਉਹ ਇਕ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਜਾਣਕਾਰੀ ਅਨੁਸਾਰ ਪੁਲਿਸ ਟੀਮ ਨੂੰ ਖ਼ਬਰੀ ਨੈੱਟਵਰਕ ਜ਼ਰੀਏ ਇਲਾਕੇ ’ਚ ਕਿਸੇ ਵੱਡੀ ਗਤੀਵਿਧੀ ਦੀ ਸੂਹ ਮਿਲੀ ਸੀ।
ਜਾਣਕਾਰੀ ਦਿੰਦਿਆਂ ਏਆਈਜੀ ਸੀਆਈ ਫਿਰੋਜ਼ਪੁਰ ਗੁਰਸੇਵਕ ਸਿੰਘ ਨੇ ਆਖਿਆ ਕਿ ਪੁਲਿਸ ਟੀਮਾਂ ਨੂੰ ਸ਼ੱਕੀ ਲਖਵਿੰਦਰ ਸਿੰਘ ਦੇ ਖੇਤਰ ’ਚ ਹਥਿਆਰ ਸਪਲਾਈ ਕਰਨ ਬਾਰੇ ਜਾਣਕਾਰੀ ਮਿਲੀ ਸੀ। ਕਾਰਵਾਈ ਕਰਦਿਆਂ ਸੀਆਈ ਫਿਰੋਜ਼ਪੁਰ ਦੀ ਪੁਲਿਸ ਟੀਮ ਨੇ ਫਿਰੋਜ਼ਪੁਰ ਦੇ ਕੁਲਗੜ੍ਹੀ ਖੇਤਰ ’ਚ ਗੁਪਤ ਕਾਰਵਾਈ ਕਰ ਕੇ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਪੁਲਿਸ ਪਾਰਟੀ ਨੇ ਉਸ ਕੋਲੋਂ ਪੰਜ ਆਧੁਨਿਕ ਹਥਿਆਰਾਂ ਦੀ ਖੇਪ ਬਰਾਮਦ ਕੀਤੀ। ਏਆਈਜੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਇਹ ਹਥਿਆਰ ਆਪਣੇ ਹੈਂਡਲਰ ਦੇ ਨਿਰਦੇਸ਼ਾਂ 'ਤੇ ਅਪਰਾਧਿਕ ਸਮੂਹਾਂ ਦੇ ਕਾਰਕੁੰਨਾਂ ਨੂੰ ਸਪਲਾਈ ਕਰਨੇ ਸਨ। ਉਨ੍ਹਾਂ ਕਿਹਾ ਕਿ ਜਾਂਚ ਅੱਗੇ ਵਧਣ ਨਾਲ ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਕੇਸ ਥਾਣਾ ਕੁਲਗੜ੍ਹੀ, ਫਿਰੋਜ਼ਪੁਰ ਵਿਖੇ ਅਸਲਾ ਐਕਟ ਦੀ ਧਾਰਾ-25 ਤਹਿਤ ਐੱਫਆਈਆਰ ਨੰਬਰ 103 ਮਿਤੀ 25-05-2026 ਦਰਜ ਕੀਤਾ ਗਿਆ ਹੈ।
ਸਰਹੱਦ ਪਾਰੋਂ ਚੈਨਲਾਂ ਰਾਹੀਂ ਭਾਰਤ ’ਚ ਤਸਕਰੀ ਕੀਤੇ ਗਏ : ਡੀਜੀਪੀ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਕਥਿਤ ਤੌਰ ’ਤੇ ਸਰਹੱਦ ਪਾਰੋਂ ਚੈਨਲਾਂ ਰਾਹੀਂ ਭਾਰਤ ’ਚ ਤਸਕਰੀ ਕੀਤੇ ਗਏ ਸਨ ਤੇ ਇਨ੍ਹਾਂ ਹਥਿਆਰਾਂ ਨੂੰ ਨੈੱਟਵਰਕ ਰਾਹੀਂ ਅੱਗੇ ਭੇਜਣ ਦਾ ਇਰਾਦਾ ਸੀ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ’ਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਡਿਊਲ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।