ਸ਼ਹੀਦਾਂ ਦੀ ਯਾਦ ’ਚ ਹੁਸੈਨੀਵਾਲਾ ’ਚ ਬਣਾਵਾਂਗੇ ਅਤਿ-ਆਧੁਨਿਕ ਸਟੇਡੀਅਮ : ਪਿੰਕੀ
ਸ਼ਹੀਦਾਂ ਦੀ ਯਾਦ ’ਚ ਹੁਸੈਨੀਵਾਲਾ ’ਚ ਬਣਾਵਾਂਗੇ ਅਤਿ-ਆਧੁਨਿਕ ਸਟੇਡੀਅਮ : ਪਿੰਕੀ
Publish Date: Tue, 24 Mar 2026 03:24 PM (IST)
Updated Date: Tue, 24 Mar 2026 03:28 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦਾਂ ਦੀ ਪਵਿੱਤਰ ਧਰਤੀ ਹੁਸੈਨੀਵਾਲਾ ’ਤੇ ਜਲਦੀ ਹੀ ਨੌਜਵਾਨਾਂ ਲਈ ਅਤਿ-ਆਧੁਨਿਕ ਖੇਡ ਸਟੇਡੀਅਮ ਜੋ ਸਮੇਂ ਦੀਆਂ ਸਮੂਹ ਸੁਵਿਧਾਵਾਂ ਨਾਲ ਲੈਸ ਹੋਵੇਗਾ ਅਤੇ ਸ਼ਹੀਦਾਂ ਦੀ ਯਾਦ ਚ ਭਵਨ ਬਣਾਇਆ ਜਾਵੇਗਾ। ਇਸ ਦਾ ਮਕਸਦ ਸਿਰਫ਼ ਸ਼ਹੀਦਾਂ ਦੀ ਯਾਦ ਨੂੰ ਸਦੀਵੀ ਬਣਾਈ ਰੱਖਣਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਤੰਦਰੁਸਤ ਅਤੇ ਨਸ਼ਿਆਂ ਤੋਂ ਦੂਰ ਰੱਖ ਕੇ ਇਕ ਮਜ਼ਬੂਤ ਸਮਾਜ ਦੀ ਨਿਰਮਾਣ ਕਰਨ ਨੂੰ ਮੁੱਖ ਰੱਖ ਕੇ ਕਾਂਗਰਸ ਸਰਕਾਰ ਆਉਣ ਸਮੇਂ ਪਹਿਲ ਦੇ ਅਧਾਰ ਤੇ ਬਣਾਏਗੀ। ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਕੀਤਾ। ਉਹ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਮੈਮੋਰੀਅਲ ਸੋਸਾਇਟੀ ਵੱਲੋਂ ਹੁਸੈਨੀਵਾਲਾ ਵਿਖੇ ਕਰਵਾਏ ਜਾ ਰਹੇ ਕਬੱਡੀ ਕੱਪ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਸਨ। ਪਿੰਕੀ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਖੇਡਾਂ ਨਾਲ ਜੁੜੇ ਰਹਿਣ ਅਤੇ ਦੇਸ਼-ਵਿਦੇਸ਼ ’ਚ ਨਾਮ ਕਮਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਭਾਈਚਾਰੇ, ਸਹਿਣਸ਼ੀਲਤਾ ਅਤੇ ਪਿਆਰ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ’ਚ ਖੇਡ ਮੈਦਾਨ ਬਣਾਉਣਾ ਸਮੇਂ ਦੀ ਲੋੜ ਹੈ, ਤਾਂ ਜੋ ਨੌਜਵਾਨ ਵਿਹਲਾਪਨ ਅਤੇ ਨਸ਼ਿਆਂ ਦੀ ਗਲਤ ਰਾਹ ਤੋਂ ਬਚ ਸਕਣ ਅਤੇ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿਚ ਲੈ ਕੇ ਜਾ ਸਕਣ। ਇਸ ਮੌਕੇ ਪਿੰਕੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਹੁਸੈਨੀਵਾਲਾ ਵਿਚ ਖੇਡ ਸਟੇਡੀਅਮ ਦੀ ਕਮੀ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕੀਤਾ ਜਾਵੇਗਾ, ਨਾਲ ਹੀ ਉਨ੍ਹਾਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਕੋਟੇ ਵਿਚੋਂ 2 ਲੱਖ ਰੁਪਏ ਦੀ ਗ੍ਰਾਂਟ ਦਿਵਾਉਣ ਦਾ ਵੀ ਐਲਾਨ ਕੀਤਾ। ਸੋਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ, ਰਵਿੰਦਰ ਸਿੰਘ ਢਿੱਲੋਂ, ਜਸਵਿੰਦਰ ਸਿੰਘ ਸੰਧੂ ਸਮੇਤ ਹੋਰ ਮੈਂਬਰਾਂ ਨੇ ਪਿੰਕੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿਚ ਖੇਡਾਂ ਨੂੰ ਹੋਰ ਵੱਡੇ ਪੱਧਰ ’ਤੇ ਕਰਵਾਇਆ ਜਾਵੇਗਾ ਅਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਮੌਕੇ ਇੰਜ. ਸੰਤੋਖ ਸਿੰਘ ਸੰਧੂ ਸਾਬਕਾ ਐੱਸਡੀਓ ਬਿਜਲੀ ਬੋਰਡ, ਬਲਵੀਰ ਸਿੰਘ ਬਾਠ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਖਵਿੰਦਰ ਸਿੰਘ ਅਟਾਰੀ ਸਾਬਕਾ ਚੇਅਰਮੈਨ, ਰਿੰਕੂ ਗਰੋਵਰ ਪ੍ਰਧਾਨ ਨਗਰ ਕੌਂਸਲ, ਗੋਰਾ ਸਰਪੰਚ, ਜਿੰਦਰ ਸਰਪੰਚ, ਜਸਵੰਤ ਸਿੰਘ ਖਾਰਾ ਸਾਬਕਾ ਚੇਅਰਮੈਨ ਡੀਸੀਯੂ, ਕਰਮਬੀਰ ਸਿੰਘ ਖਾਈ, ਵਿਜੈ ਗੋਰੀਆ, ਯਾਦਵਿੰਦਰ ਸਿੰਘ, ਸੁਖਪਾਲ ਸਿੰਘ ਗੋਬਿੰਦ ਨਗਰ, ਦੀਪੂ ਖਾਈ, ਗੁਰਨੈਬ ਸਿੰਘ ਸਰਪੰਚ, ਸੁਖਪਾਲ ਸਿੰਘ ਸੰਧੂ ਗੋਬਿੰਦ ਨਗਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਖੇਡ ਪ੍ਰੇਮੀ ਮੌਜ਼ੂਦ ਸਨ ।