ਵਰਿੰਦਾਵਨ ਹਾਦਸੇ ਨੇ ਉਜਾੜੀਆਂ ਪਰਿਵਾਰਕ ਖੁਸ਼ੀਆਂ: ਮਾਸੜ-ਮਾਸੀ ਦੀ ਮੌਤ ਮਗਰੋਂ ਜਲਾਲਾਬਾਦ ਦਾ ਪੰਕਜ ਹਾਲੇ ਵੀ ਲਾਪਤਾ, ਨਮ ਅੱਖਾਂ ਨਾਲ ਯਮੁਨਾ 'ਚ ਲੱਭ ਰਿਹਾ ਹੈ ਪਰਿਵਾਰ
ਉੱਤਰ ਪ੍ਰਦੇਸ਼ ਦੇ ਮਥੁਰਾ-ਵਰਿੰਦਾਵਨ ਵਿੱਚ ਵਾਪਰੇ ਭਿਆਨਕ ਕਿਸ਼ਤੀ ਹਾਦਸੇ ਨੇ ਜਿੱਥੇ ਕਈ ਹੱਸਦੇ-ਵੱਸਦੇ ਪਰਿਵਾਰ ਉਜਾੜ ਦਿੱਤੇ ਹਨ, ਉੱਥੇ ਹੀ ਜਲਾਲਾਬਾਦ ਦੇ ਇੱਕ ਪਰਿਵਾਰ ਦੀਆਂ ਉਮੀਦਾਂ ਹੁਣ ਸਿਰਫ਼ ਦੁਆਵਾਂ 'ਤੇ ਟਿਕੀਆਂ ਹੋਈਆਂ ਹਨ। ਇਸ ਹਾਦਸੇ ਵਿੱਚ ਜਲਾਲਾਬਾਦ ਦੀ ਅਗਰਵਾਲ ਕਲੋਨੀ ਦਾ ਰਹਿਣ ਵਾਲਾ 35 ਸਾਲਾ ਨੌਜਵਾਨ ਪੰਕਜ ਮਲਹੋਤਰਾ ਲਾਪਤਾ ਹੈ, ਜਿਸ ਦੀ ਭਾਲ ਲਈ ਪਰਿਵਾਰ ਅਤੇ ਪ੍ਰਸ਼ਾਸਨ ਲਗਾਤਾਰ ਜੱਦੋ-ਜਹਿਦ ਕਰ ਰਹੇ ਹਨ।
Publish Date: Sat, 11 Apr 2026 01:32 PM (IST)
Updated Date: Sat, 11 Apr 2026 01:34 PM (IST)

ਹੈਪੀ ਕਾਠਪਾਲ, ਪੰਜਾਬੀ ਜਾਗਰਣ, ਜਲਾਲਾਬਾਦ : ਉੱਤਰ ਪ੍ਰਦੇਸ਼ ਦੇ ਮਥੁਰਾ-ਵਰਿੰਦਾਵਨ ਵਿੱਚ ਵਾਪਰੇ ਭਿਆਨਕ ਕਿਸ਼ਤੀ ਹਾਦਸੇ ਨੇ ਜਿੱਥੇ ਕਈ ਹੱਸਦੇ-ਵੱਸਦੇ ਪਰਿਵਾਰ ਉਜਾੜ ਦਿੱਤੇ ਹਨ, ਉੱਥੇ ਹੀ ਜਲਾਲਾਬਾਦ ਦੇ ਇੱਕ ਪਰਿਵਾਰ ਦੀਆਂ ਉਮੀਦਾਂ ਹੁਣ ਸਿਰਫ਼ ਦੁਆਵਾਂ 'ਤੇ ਟਿਕੀਆਂ ਹੋਈਆਂ ਹਨ। ਇਸ ਹਾਦਸੇ ਵਿੱਚ ਜਲਾਲਾਬਾਦ ਦੀ ਅਗਰਵਾਲ ਕਲੋਨੀ ਦਾ ਰਹਿਣ ਵਾਲਾ 35 ਸਾਲਾ ਨੌਜਵਾਨ ਪੰਕਜ ਮਲਹੋਤਰਾ ਲਾਪਤਾ ਹੈ, ਜਿਸ ਦੀ ਭਾਲ ਲਈ ਪਰਿਵਾਰ ਅਤੇ ਪ੍ਰਸ਼ਾਸਨ ਲਗਾਤਾਰ ਜੱਦੋ-ਜਹਿਦ ਕਰ ਰਹੇ ਹਨ।
ਖੁਸ਼ੀਆਂ ਭਰੀ ਯਾਤਰਾ 'ਤੇ ਲੱਗੀ ਗ੍ਰਹਿਣ
ਜਾਣਕਾਰੀ ਅਨੁਸਾਰ ਪੰਕਜ ਮਲਹੋਤਰਾ ਆਪਣੇ ਜਗਰਾਉਂ ਰਹਿਣ ਵਾਲੇ ਮਾਸੜ ਅਤੇ ਮਾਸੀ ਨਾਲ ਵਰਿੰਦਾਵਨ ਵਿਖੇ ਨਤਮਸਤਕ ਹੋਣ ਗਿਆ ਸੀ। ਸ਼ੁੱਕਰਵਾਰ ਨੂੰ ਕੇਸ਼ੀ ਘਾਟ ਨੇੜੇ ਜਦੋਂ ਉਹ ਸਟੀਮਰ ਰਾਹੀਂ ਯਮੁਨਾ ਨਦੀ ਦੀ ਸੈਰ ਕਰ ਰਹੇ ਸਨ, ਤਾਂ ਅਚਾਨਕ ਸਟੀਮਰ ਪਲਟਣ ਕਾਰਨ ਹਾਦਸਾ ਵਾਪਰ ਗਿਆ। ਬੜੇ ਹੀ ਦੁੱਖ ਦੀ ਗੱਲ ਹੈ ਕਿ ਇਸ ਹਾਦਸੇ ਵਿੱਚ ਪੰਕਜ ਦੇ ਮੋਸਾ ਅਤੇ ਮਾਸੀ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ, ਪਰ ਪੰਕਜ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ।
ਪੁਲਿਸ ਪ੍ਰਸ਼ਾਸਨ ਵੱਲੋਂ ਭਾਲ ਜਾਰੀ
ਜਲਾਲਾਬਾਦ ਦੇ ਡੀ.ਐਸ.ਪੀ. ਗੁਰਸੇਵਕ ਸਿੰਘ ਬਰਾੜ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਕਜ ਦੇ ਲਾਪਤਾ ਹੋਣ ਦੀ ਸੂਚਨਾ ਮਿਲਦਿਆਂ ਹੀ ਉੱਤਰ ਪ੍ਰਦੇਸ਼ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਸਾਧਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਨਦੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪੰਕਜ ਦੇ ਲਾਪਤਾ ਹੋਣ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਤੁਰੰਤ ਮਥੁਰਾ ਲਈ ਰਵਾਨਾ ਹੋ ਗਏ ਹਨ। ਅਗਰਵਾਲ ਕਲੋਨੀ (ਗਲੀ ਨੰਬਰ 1) ਵਿੱਚ ਮਾਹੌਲ ਬਹੁਤ ਹੀ ਗ਼ਮਗੀਨ ਹੈ ਅਤੇ ਮੁਹੱਲਾ ਨਿਵਾਸੀ ਪੰਕਜ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ।