‘ਡਾਇਲ 112’ ’ਚ ਤਾਇਨਾਤ ASI ਦੀ ਨਸ਼ਾ ਖਰੀਦਦਿਆਂ ਧਈ ਵੀਡੀਓ ਵਾਇਰਲ, ਤੁਰੰਤ ਮੁਅੱਤਲ, 12 ਸਕਿੰਟ ਦੀ ਵੀਡੀਓ ਨੇ ਮਚਾਈ ਹਲਚਲ
ਫਾਜ਼ਿਲਕਾ ਵਿੱਚ ਇੱਕ ਏ.ਐਸ.ਆਈ. ਵੱਲੋਂ ਨਸ਼ੀਲੇ ਪਦਾਰਥ ਖਰੀਦਣ ਦੇ ਦਾਅਵੇ ਨਾਲ ਜੁੜੀ 12 ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਨੇ ਕਾਰਵਾਈ ਕੀਤੀ ਹੈ। ਐੱਸ.ਪੀ. ਅਸ਼ਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਸੰਬੰਧਤ ਏ.ਐੱਸ.ਆਈ. ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਡੀ.ਐੱਸ.ਪੀ. ਹਰੀਸ਼ ਕੁਮਾਰ ਨੇ ਉਸਨੂੰ ਸਿਟੀ ਥਾਣਾ-1 ਵਿੱਚ ਪੁੱਛਗਿੱਛ ਲਈ ਤਲਬ ਕੀਤਾ ਹੈ।
Publish Date: Mon, 11 May 2026 03:10 PM (IST)
Updated Date: Mon, 11 May 2026 03:15 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ। ਫਾਜ਼ਿਲਕਾ ਵਿੱਚ ਇੱਕ ਏ.ਐਸ.ਆਈ. ਵੱਲੋਂ ਨਸ਼ੀਲੇ ਪਦਾਰਥ ਖਰੀਦਣ ਦੇ ਦਾਅਵੇ ਨਾਲ ਜੁੜੀ 12 ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਨੇ ਕਾਰਵਾਈ ਕੀਤੀ ਹੈ। ਐੱਸ.ਪੀ. ਅਸ਼ਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਸੰਬੰਧਤ ਏ.ਐੱਸ.ਆਈ. ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਡੀ.ਐੱਸ.ਪੀ. ਹਰੀਸ਼ ਕੁਮਾਰ ਨੇ ਉਸਨੂੰ ਸਿਟੀ ਥਾਣਾ-1 ਵਿੱਚ ਪੁੱਛਗਿੱਛ ਲਈ ਤਲਬ ਕੀਤਾ ਹੈ।
ਵਾਇਰਲ ਵੀਡੀਓ ਵਿੱਚ ਡਾਇਲ 112 ਦੀ ਗੱਡੀ ਸੜਕ ਕਿਨਾਰੇ ਖੜੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ’ਤੇ ਉੱਥੇ ਪਹੁੰਚਦੇ ਹਨ ਅਤੇ ਗੱਡੀ ਵਿੱਚ ਬੈਠੇ ਵਿਅਕਤੀ ਨਾਲ ਗੱਲਬਾਤ ਕਰਦੇ ਹਨ। ਵੀਡੀਓ ਵਿੱਚ ਕੁਝ ਰਕਮ ਦੇ ਲੈਣ-ਦੇਣ ਦਾ ਦ੍ਰਿਸ਼ ਵੀ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ’ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਏ.ਐੱਸ.ਆਈ. ਨੇ ਨੌਜਵਾਨਾਂ ਤੋਂ 500 ਰੁਪਏ ਦੇ ਨਸ਼ੀਲੇ ਪਦਾਰਥ ਖਰੀਦੇ। ਹਾਲਾਂਕਿ ਇਸ ਬਾਰੇ ਅਧਿਕਾਰਤ ਜਾਂਚ ਜਾਰੀ ਹੈ।
ਐੱਸ.ਪੀ. ਅਸ਼ਵੰਤ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਲਗਪਗ ਚਾਰ ਤੋਂ ਪੰਜ ਦਿਨ ਪੁਰਾਣੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਫਾਜ਼ਿਲਕਾ ਡਾਇਲ 112 ਹੈਲਪਲਾਈਨ ਨੰਬਰ 408 ’ਤੇ ਤਾਇਨਾਤ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਆਪਣੇ ਸਾਥੀ ਜਸ਼ਨ ਨੂੰ ਬੁਲਾਇਆ ਸੀ ਅਤੇ ਉਸ ਤੋਂ 500 ਰੁਪਏ ਵਿੱਚ ਨਸ਼ੀਲੇ ਪਦਾਰਥ ਖਰੀਦੇ ਸਨ। ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਜਸ਼ਨ ਦੀ ਪਛਾਣ ਕਰ ਲਈ ਗਈ ਹੈ, ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ ਅਤੇ ਨਸ਼ਾ ਤਸਕਰੀ ਜਾਂ ਇਸ ਨਾਲ ਜੁੜੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਵਿਧਾਇਕ ਸੰਦੀਪ ਜਾਖੜ ਨੇ ਉਠਾਏ ਸਵਾਲ
ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਟਵੀਟ ਕਰਕੇ ਪੁਲਿਸ ਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ,“ਲੋਕਾਂ ’ਤੇ ਨਿਗਰਾਨੀ ਰੱਖਣ ਵਾਲਿਆਂ ਦੀ ਨਿਗਰਾਨੀ ਕੌਣ ਕਰੇਗਾ?” ਉਨ੍ਹਾਂ ਦੋਸ਼ ਲਗਾਇਆ ਕਿ ਜੋ ਖੁਦ ਨਸ਼ੇ ਦੇ ਕਾਰੋਬਾਰ ਨੂੰ ਉਤਸਾਹਿਤ ਕਰਦੇ ਹਨ, ਉਹ ਇਸ ਨੂੰ ਰੋਕ ਨਹੀਂ ਸਕਦੇ।
ਜਾਖੜ ਨੇ ਕਿਹਾ ਕਿ ਸੀਡ ਫਾਰਮ ਰੋਡ ’ਤੇ ਖੁੱਲ੍ਹੇਆਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਉਮੀਦ ਜਤਾਈ ਕਿ ਪੁਲਿਸ ਇਸ ਗੰਭੀਰ ਮਾਮਲੇ ਵਿੱਚ ਜਲਦ ਅਤੇ ਸਖ਼ਤ ਕਾਰਵਾਈ ਕਰੇਗੀ।