ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਬੱਸਾਂ ਦੇ ਕੱਟੇ ਚਲਾਨ
ਫਾਜ਼ਿਲਕਾ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵਾਹਨਾਂ ਦੀ ਚੈਕਿੰਗ, 8 ਬੱਸਾਂ ਦੇ ਕੱਟੇ ਚਲਾਨ
Publish Date: Wed, 06 May 2026 06:04 PM (IST)
Updated Date: Wed, 06 May 2026 06:05 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ
ਫਾਜ਼ਿਲਕਾ : ਡਿਪਟੀ ਕਮਿਸ਼ਨਰ ਅਮਰਪ੍ਰੀਤ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਮਕਸਦ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਪ੍ਰਸ਼ਾਸਨ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਵੀ ਸਕੂਲ ਇਸ ਪਾਲਿਸੀ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਬੱਸਾਂ ਲਈ ਕਈ ਨਿਯਮ ਲਾਜ਼ਮੀ ਹਨ। ਬੱਸਾਂ ’ਤੇ ‘ਸਕੂਲ ਬੱਸ’ ਤੇ ਜੇ ਕਿਰਾਏ ’ਤੇ ਹਨ ਤਾਂ ‘ਆਨ ਸਕੂਲ ਡਿਊਟੀ’ ਲਿਖਿਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਫਸਟ ਏਡ ਬਾਕਸ, ਸੀਸੀਟੀਵੀ ਕੈਮਰਾ, ਅੱਗ ਬੁਝਾਊ ਯੰਤਰ, ਸਪੀਡ ਗਵਰਨਰ ਅਤੇ ਪੀਲੇ ਰੰਗ ਦੀ ਬਾਡੀ ਹੋਣੀ ਲਾਜ਼ਮੀ ਹੈ। ਬੱਸਾਂ ਵਿੱਚ ਐਮਰਜੈਂਸੀ ਐਗਜ਼ਿਟ, ਖਿੜਕੀਆਂ ’ਤੇ ਗਰਿੱਲਾਂ ਅਤੇ ਬੱਚਿਆਂ ਦੇ ਬੈਗ ਰੱਖਣ ਲਈ ਸੁਰੱਖਿਅਤ ਥਾਂ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਹਰ ਵਾਹਨ ਕੋਲ ਵੈਧ ਬੀਮਾ, ਫਿਟਨੈਸ ਸਰਟੀਫਿਕੇਟ ਅਤੇ ਪ੍ਰਦੂਸ਼ਣ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਡਰਾਈਵਰ ਕੋਲ ਵੈਧ ਲਾਇਸੰਸ ਅਤੇ ਘੱਟੋ-ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ, ਨਾਲ ਹੀ ਪੁਲਿਸ ਵੈਰੀਫਿਕੇਸ਼ਨ ਅਤੇ ਮੈਡੀਕਲ ਫਿਟਨੈਸ ਵੀ ਲਾਜ਼ਮੀ ਹੈ। ਬੱਸ ਵਿੱਚ ਲੜਕੀਆਂ ਹੋਣ ਦੀ ਸੂਰਤ ਵਿੱਚ ਔਰਤ ਸਹਾਇਕ ਦੀ ਤਾਇਨਾਤੀ ਵੀ ਜ਼ਰੂਰੀ ਹੈ। ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ। ਇਸ ਮੁਹਿੰਮ ਦੌਰਾਨ 8 ਸਕੂਲੀ ਬੱਸਾਂ ਦੇ ਚਲਾਨ ਵੀ ਕੱਟੇ ਗਏ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸਿੱਖਿਆ ਵਿਭਾਗ, ਪੁਲਿਸ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।