ਬਿਜਲੀ ਕੱਟਾਂ ਦੇ ਰੋਸ ਕਾਰਨ ਵਰਦੇਵ ਮਾਨ ਨੇ ਐੱਸਡੀਐੱਮ ਦਫਤਰ ਅੱਗੇ ਲਗਾਇਆ ਧਰਨਾ

- ਪੰਜਾਬ ਸਰਕਾਰ ਦੇ ਲੀਡਰ ਝੂਠੀ ਬਿਆਨਬਾਜ਼ੀ ਕਰ ਕੇ ਸੈਰਾਂ ਕਰ ਰਹੇ : ਵਰਦੇਵ ਮਾਨ
ਦੀਪਕ ਵਧਾਵਨ, ਪੰਜਾਬੀ ਜਾਗਰਣ
ਗੁਰੂਹਰਸਹਾਏ : ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਨੂੰ ਲੈ ਕੇ ਰੋਸ ਜਾਹਿਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿਚ ਸੈਂਕੜੇ ਵਰਕਰਾਂ ਵੱਲੋਂ ਐੱਸਡੀਐੱਮ ਦਫ਼ਤਰ ਗੁਰੂਹਰਸਹਾਏ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਲੱਗ ਰਹੇ ਲੰਬੇ 16-16 ਘੰਟੇ ਦੇ ਕੱਟਾਂ ਕਾਰਨ ਬਿਜਲੀ ਸਪਲਾਈ ਦਾ ਬੁਰਾ ਹਾਲ ਹੋਇਆ ਪਿਆ ਹੈ। ਪੁੱਛੇ ਗਏ ਸਵਾਲ ਦਾ ਜਵਾਬ ਵਿਚ ਵਰਦੇਵ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਲੀਡਰ ਸਿਰਫ ਝੂਠੀ ਇਸ਼ਤਹਾਰਬਾਜ਼ੀ ਕਰ ਕੇ ਸੈਰਾਂ ਕਰ ਰਹੇ ਹਨ। ਮਾਨ ਨੇ ਕਿਹਾ ਕਿ ‘ਆਪ’ ਦੀ ਸਰਕਾਰ ਅੰਦਰ ਪੰਜਾਬ ਦਾ ਨਾ ਹੀ ਬਲਕਿ ਸਿਰਫ ਕੁਝ ਬੰਦਿਆਂ ਦਾ ਹੀ ਵਿਕਾਸ ਹੋਇਆ ਹੈ ਅਤੇ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਵਰਦੇਵ ਮਾਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਬਹੁਤ ਸਾਰੇ ਸੁਪਨੇ ਦਿਖਾਏ ਸੀ ਜਿਸ ਕਰ ਕੇ ਲੋਕਾਂ ਨੇ ਬਹੁਤ ਉਮੀਦਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਬਣਾਈ, ਪਰ ਸਰਕਾਰ ਬਣਦੇ ਹੀ ਸਭ ਉਲਟ ਹੋਇਆ। ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਨੂੰ ਬਿਜਲੀ ਵਜੋਂ ਸਰਪਲਸ ਸੂਬਾ ਬਣਾ ਦਿੱਤਾ ਸੀ ਅਤੇ ਪੰਜਾਬ ਦੇਸ਼ ਵਿੱਚੋਂ ਪਹਿਲੇ ਨੰਬਰ ’ਤੇ ਸੀ, ਪਰ ਪਿਛਲੇ ਨੌ ਸਾਲਾਂ ਤੋਂ ਸਰਕਾਰਾਂ ਨੇ ਬਿਜਲੀ ਦਾ ਇਕ ਯੂਨਿਟ ਵੀ ਪੈਦਾ ਨਹੀਂ ਕੀਤਾ ਅਤੇ ਇੱਥੋਂ ਤੱਕ ਕਿ ਇਸ ਬਾਰੇ ਸੋਚਿਆ ਤੱਕ ਵੀ ਨਹੀਂ। ਮਾਨ ਨੇ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕ ਹਰ ਸੋਮਵਾਰ ਬਿਜਲੀ ਸੁਚਾਰੂ ਲਈ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਿਆ ਕਰਦੇ ਸਨ।
‘ਆਪ’ ਸਰਕਾਰ ਦੀ ਇੱਕ ਹੋਰ ਗੱਲ ਕਰਦਿਆਂ ਵਰਦੇਵ ਮਾਨ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਨਾ ਕਰਦਿਆਂ ਹੁਣ ਫਿਰ ਤਿੰਨ ਮਹੀਨੇ ਦਾ ਸਮਾਂ ਪਾ ਦਿੱਤਾ ਹੈ ਅਤੇ ਇਹ ਰਜਿਸਟ੍ਰੇਸ਼ਨ ਸਿਰਫ 40 ਹਲਕਿਆਂ ਵਿੱਚ ਕਰਨ ਦੀ ਗੱਲ ਕਹੀ ਹੈ। ਵਰਦੇਵ ਮਾਨ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਲੋਕ ਹੁਣ ਦੂਜੀਆਂ ਪਾਰਟੀਆਂ ਦੀਆਂ ਝੂਠੀਆਂ ਗੱਲਾਂ ਵਿੱਚ ਨਾ ਆਉਣ ਅਤੇ ਪੰਜਾਬ ਦੇ ਵਿਕਾਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ। ਇਸ ਮੌਕੇ ਐੱਸਜੀਪੀਸੀ ਮੈਂਬਰ ਦਰਸ਼ਨ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੈਸ਼ ਮਾਨ, ਸੁਖਚੈਨ ਸਿੰਘ ਸੇਖੋ, ਗੁਰਬਾਜ ਸਿੰਘ ਦੁਸਾਂਝ, ਪੰਕਜ ਮੰਡੋਰਾ, ਬਿੱਟੂ ਗੁਲਹੋਤਰਾ, ਗੁਰਵਿੰਦਰ ਗਿੱਲ, ਜਸਵਿੰਦਰ ਸਿੰਘ ਬਾਗੂਵਾਲਾ, ਰਾਜਕੁਮਾਰ ਨੰਬਰਦਾਰ ਖੁੰਦਰਾ, ਸ਼ਾਮ ਲਾਲ ਮਹਿਤਾ, ਹੈਪੀ ਭੰਡਾਰੀ, ਗੁਰਵਿੰਦਰ ਗਿੱਲ ਰੱਤੇਵਾਲਾ, ਹਰਜਿੰਦਰ ਜੀਵਾ ਅਰਾਈ, ਰਾਜੂ ਗੁਰੂਹਰਸਹਾਏ ਤੋਂ ਇਲਾਵਾ ਅਨੇਕਾਂ ਆਗੂ ਹਾਜ਼ਰ ਸਨ।