ਅਣ-ਐਲਾਨੇ ਬਿਜਲੀ ਕੱਟਾਂ ਤੇ ਗਰਮੀ ਕਾਰਨ ਲੋਕ ਹੋਏ ਹਾਲੋ-ਬੇਹਾਲ
ਪੰਜਾਬ ’ਚ ਬਿਜਲੀ ਦੇ ਅਣ-ਐਲਾਨੇ ਕੱਟਾਂ ਤੇ ਗਰਮੀ ਨਾਲ ਪਿੰਡਾਂ ਤੇ ਕਸਬਿਆਂ ਦੇ ਲੋਕ ਹੋਏ ਹਾਲੋ-ਬੇਹਾਲ
Publish Date: Sun, 31 May 2026 05:37 PM (IST)
Updated Date: Sun, 31 May 2026 05:38 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਦੇ ਕਹਿਰ ਦਰਮਿਆਨ ਬਿਜਲੀ ਦੇ ਅਣ-ਐਲਾਨੇ ਕੱਟਾਂ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਗਰਮੀਂ ਕਾਰਨ ਸੂਬੇ ਦੇ ਪਿੰਡਾਂ ਅਤੇ ਕਸਬਿਆਂ ਵਿਚ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ, ਜਿੱਥੇ ਦਿਨ ਦੇ ਨਾਲ-ਨਾਲ ਹੁਣ ਰਾਤਾਂ ਨੂੰ ਵੀ ਕਈ-ਕਈ ਘੰਟੇ ਬਿਜਲੀ ਗੁੱਲ ਰਹਿਣ ਕਾਰਨ ਲੋਕ ਹਾਲੋ-ਬੇਹਾਲ ਹੋ ਰਹੇ ਹਨ। ਬੀਤੇ ਦਿਨ ਐਨਾ ਐਣ ਐਲਾਨੇ ਕੱਟਾਂ ਬਿਜਲੀ ਵੋਟਲਜ਼ ਦੇ ਵਾਧੇ ਘਾਟੇ ਦੇ ਚੱਲਦੇ ਪਿੰਡ ਨੂਰਪੁਰ ਸੇਠਾਂ ’ਚ ਵਿਚ ਕਈ ਘਰਾਂ ਦੇ ਉਪਕਰਨ ਸੜ ਗਏ ਅਤੇ ਇਕ ਘਰ ਵਿਚ ਲੱਗੀ ਸਮਬਰਸੀਬਲ ਮੋਟਰ ਵੀ ਸੜ ਗਈ। ਅਣ-ਐਲਾਨੇ ਕੱਟਾਂ ਦਾ ਸਿੱਧਾ ਅਸਰ ਪੀਣ ਵਾਲੇ ਪਾਣੀ ਦੀ ਸਪਲਾਈ ’ਤੇ ਪੈ ਰਿਹਾ ਹੈ। ਵਾਟਰ ਵਰਕਸ ਦੀਆਂ ਮੋਟਰਾਂ ਬਿਜਲੀ ਨਾ ਹੋਣ ਕਾਰਨ ਬੰਦ ਪਈਆਂ ਹਨ, ਜਿਸ ਕਰਕੇ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ। ਪਸ਼ੂਆਂ ਦੇ ਹਰੇ ਚਾਰੇ ਅਤੇ ਉਨ੍ਹਾਂ ਨੂੰ ਨਹਾਉਣ-ਧੁਆਉਣ ਲਈ ਵੀ ਪਾਣੀ ਉਪਲਬੱਧ ਨਹੀਂ ਹੋ ਰਿਹਾ, ਜਿਸ ਨਾਲ ਪਸ਼ੂ ਧਨ ਵੀ ਬਿਮਾਰੀਆਂ ਦੀ ਲਪੇਟ ਵਿਚ ਆ ਰਿਹਾ ਹੈ। ਡੇਅਰੀ ਫਾਰਮਿੰਗ ਦੇ ਧੰਦੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਅਤੇ ਪਾਣੀ ਦੀ ਕਮੀ ਕਾਰਨ ਦੁੱਧ ਦੀ ਪੈਦਾਵਾਰ ਵਿਚ ਭਾਰੀ ਗਿਰਾਵਟ ਆਈ ਹੈ। ਕਸਬਿਆਂ ਦੇ ਬਾਜ਼ਾਰਾਂ ਵਿਚ ਬਿਜਲੀ ਗੁੱਲ ਰਹਿਣ ਕਾਰਨ ਛੋਟੇ ਦੁਕਾਨਦਾਰ, ਟੇਲਰ, ਵੈਲਡਿੰਗ ਕਰਨ ਵਾਲੇ ਅਤੇ ਕੰਪਿਊਟਰ ਸੈਂਟਰ ਚਲਾਉਣ ਵਾਲੇ ਨੌਜਵਾਨ ਵਿਹਲੇ ਬੈਠਣ ਲਈ ਮਜ਼ਬੂਰ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਮੰਦਵਾੜਾ ਹੈ ਅਤੇ ਦੂਜੇ ਪਾਸੇ ਬਿਜਲੀ ਸੰਕਟ ਨੇ ਉਨ੍ਹਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਗਰਮੀ ਕਾਰਨ ਬਿਮਾਰ ਹੋਣ ਵਾਲੇ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਹਸਪਤਾਲਾਂ ਵਿਚ ਵੀ ਬਿਜਲੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਮਰੀਜ਼ਾਂ ਨੂੰ ਹੱਥੀਂ ਪੱਖੀਆਂ ਝੱਲਣੀਆਂ ਪੈ ਰਹੀਆਂ ਹਨ, ਜੋ ਕਿ ਬੇਹੱਦ ਚਿੰਤਾਜਨਕ ਵਿਸ਼ਾ ਹੈ। ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਸਿਰਫ਼ ਕਾਗਜ਼ਾਂ ਵਿਚ ਮੁਫ਼ਤ ਅਤੇ ਨਿਰਵਿਘਨ ਬਿਜਲੀ ਦੇ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਕਿਸਾਨ ਜਥੇਬੰਦੀਆਂ ਅਤੇ ਮੁਹੱਲਾ ਸੁਧਾਰ ਕਮੇਟੀਆਂ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪਿੰਡਾਂ ਅਤੇ ਕਸਬਿਆਂ ਨਾਲ ਹੁੰਦਾ ਮਤਰੇਈ ਮਾਂ ਵਾਲਾ ਸਲੂਕ ਬੰਦ ਕੀਤਾ ਜਾਵੇ ਅਤੇ ਰਾਤ ਦੇ ਸਮੇਂ ਬਿਜਲੀ ਦੇ ਕੱਟ ਤੁਰੰਤ ਬੰਦ ਕੀਤੇ ਜਾਣ। ਜਦੋਂ ਇਸ ਸਬੰਧੀ ਐਸ ਈ ਪੀਐਸਪੀਸੀਐਲ ਇੰਜੀਨੀਅਰ ਧਰਮਪਾਲ ਨਾਲ ਗੱਲਬਾਤ ਕੀਤੀ ਤਾਂ ਉਹਨਾ ਕਿਹਾ ਕਿ ਬਿਜਲੀ ਸਪਲਾਈ ਨਿਰਵਿਘਨ ਜਾਰੀ ਹੈ ਕੁੱਝ ਕੁ ਥਾਵਾਂ ਤੇ ਨਵੀਆਂ ਲਾਈਨਾਂ ਦੇ ਅਤੇ ਕਈ ਥਾਵਾਂ ਤੇ ਪੁਰਾਣੀਆਂ ਤਾਰਾਂ ਅਤੇ ਟਰਾਂਸਫਾਰਮਰ ਦੀ ਰਿਪੇਅਰ ਦੇ ਕੰਮਕਾਜ ਕਰਕੇ ਬਿਜਲੀ ਸਪਲਾਈ ਵਿਚ ਦਿੱਕਤ ਆ ਸਕਦੀ ਹੈ, ਮਹਿਕਮੇ ਦੇ ਕਰਮਚਾਰੀ ਜਲਦੀ ਕੰਮ ਨੇਪਰੇ ਚਾੜ੍ਹ ਕੇ ਸਪਲਾਈ ਨਿਰਵਿਘਨ ਜਾਰੀ ਰੱਖਣਗੇ।