ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਮਈ ਦਿਵਸ ਦੇ ਸ਼ਹੀਦਾਂ ਦਿੱਤੀ ਨੂੰ ਸ਼ਰਧਾਂਜਲੀ
ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ
Publish Date: Fri, 01 May 2026 03:48 PM (IST)
Updated Date: Fri, 01 May 2026 03:50 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਵੱਲੋਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਇਕ ਸ਼ਹੀਦੀ ਸਮਾਗਮ ਅਯੋਜਿਤ ਕਰਕੇ ਪਹਿਲੀ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਕੇਂਦਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਆਪਣੇ-ਆਪਣੇ ਦਫਤਰਾਂ ਮੂਹਰੇ ਝੰਡੇ ਲਹਿਰਾ ਕੇ ਪਹਿਲੀ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ, ਉਪਰੰਤ ਨਾਅਰੇ ਮਾਰਦੇ ਹੋਏ ਜਥਿਆਂ ਦੇ ਰੂਪ ਵਿਚ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਪਹੁੰਚੇ। ਇਸ ਸਮੇਂ ਕੇਂਦਰ ਤੇ ਰਾਜ ਸਰਕਾਰ ਦੇ ਵੱਖ- ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵਿਚ ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਸੁਭਾਸ਼ ਸ਼ਰਮਾ, ਜਨਰਲ ਸਕੱਤਰ ਰਾਜੀਵ ਹਾਂਡਾ, ਵਿੱਤ ਸਕੱਤਰ ਪ੍ਰਦੀਪ ਧਵਨ, ਪ੍ਰੈਸ ਸਕੱਤਰ ਕਿਸ਼ਨ ਚੰਦ ਜਾਗੋਵਾਲੀਆ, ਸਲਾਹਕਾਰ ਮਹਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਕਨਵੀਨਰ ਜੇਪੀਐੱਮਓ, ਪ੍ਰਵੀਨ ਕੁਮਾਰ ਸੈਂਟਰਲ ਸੀਨੀਅਰ ਮੀਤ ਪ੍ਰਧਾਨ ਐੱਨਆਰਐੱਮਯੂ, ਰਮੇਸ਼ ਠਾਕੁਰ ਸਾਬਕਾ ਪ੍ਰਧਾਨ ਐੱਨਆਰਆਰਐੱਮਯੂ, ਰਾਮੇਸ਼ ਸ਼ਰਮਾ ਪ੍ਰਧਾਨ, ਗੁਰਦੇਵ ਸਿੱਧੂ ਪ੍ਰਧਾਨ ਤੇ ਜਗਦੀਪ ਮਾਂਗਟ ਜਨਰਲ ਸਕੱਤਰ ਪਸਸਫ ਨੇ ਮਈ ਦਿਵਸ ਦੀ ਮਹੱਤਤਾ ਅਤੇ ਚੁਨੌਤੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਘਾਹ ਮੰਡੀ ਵਿਚ ਆਪਣੀ ਕੰਮ-ਦਿਹਾੜੀ ਦੇ ਸਮੇਂ ਨੂੰ ਘਟਾਉਣ ਦੀ ਮੰਗ ਨੂੰ ਲੈ ਕੇ ਰੋਸ ਰੈਲੀ ਕਰ ਰਹੇ ਮਜ਼ਦੂਰਾਂ ਉੱਪਰ ਸਮੇਂ ਦੀ ਸਰਕਾਰ ਨੇ ਅੰਨੇਵਾਹ ਲਾਠੀਆ ਤੇ ਗੋਲੀਆਂ ਚਲਾ ਕੇ ਮਜ਼ਦੂਰ ਏਕਤਾ ਨੂੰ ਖਦੇੜਨ ਦੀ ਹਿਮਾਕਤ ਕੀਤੀ, ਉਪਰੰਤ ਮਜ਼ਦੂਰ ਆਗੂਆਂ ਉਪਰ ਝੂਠੇ ਕੇਸ ਬਣਾ ਕੇ ਉਨ੍ਹਾਂ ਨੂੰ ਫਾਂਸੀ ਦੇਣ ਦਾ ਕੁਕਰਮ ਵੀ ਕੀਤਾ। ਸਰਕਾਰ ਦੇ ਇਸ ਵਹਿਸੀ ਜਬਰ ਤੋਂ ਮਜ਼ਦੂਰ ਘਬਰਾਏ ਨਹੀਂ ਸਗੋਂ ਉਨ੍ਹਾਂ ਆਪਣੀ ਏਕਤਾ ਅਤੇ ਸੰਘਰਸ਼ਾਂ ਨੂੰ ਹੋਰ ਪ੍ਰਚੰਡ ਕੀਤਾ। ਸਰਕਾਰ ਨੂੰ ਉਨ੍ਹਾਂ ਦੇ ਦਬਾਅ ਅੱਗੇ ਝੁਕਦਿਆਂ ਕੰਮ ਦੇ ਘੰਟੇ ਘਟਾ ਕੇ ਅੱਠ ਘੰਟੇ ਨਿਸ਼ਚਿਤ ਕਰਨ ਲਈ ਮਜ਼ਬੂਰ ਹੋਣਾ ਪਿਆ। ਉਸ ਦਿਨ ਤੋਂ ਮਜ਼ਦੂਰਾਂ ਦੇ ਚਿੱਟੇ ਝੰਡੇ ਦਾ ਰੰਗ ਮਜ਼ਦੂਰਾਂ ਦੇ ਡੁੱਲੇ ਖੂਨ ਨਾਲ ਰੰਗਿਆ ਗਿਆ ਅਤੇ ਦਿਨੋ-ਦਿਨ ਇਹ ਲਾਲੀ ਹੋਰ ਗੂੜੀ ਹੁੰਦੀ ਗਈ। ਉਹਨਾਂ 12-12, 14-14 ਘੰਟਿਆਂ ਦੀ ਕੰਮ ਦਿਹਾੜੀ ਨੂੰ ਅੱਠ ਘੰਟਿਆਂ ਤੱਕ ਸੀਮਤ ਕਰਨ ਦਾ ਕਾਨੂੰਨ ਬਣਾਉਣ ’ਚ ਸਫਲਤਾ ਹੀ ਪ੍ਰਾਪਤ ਨਹੀਂ ਕੀਤੀ ਸਗੋਂ ਮਜ਼ਦੂਰਾਂ ਨੂੰ ਸੰਗਠਨ ਬਣਾਉਣ ਦਾ ਅਧਿਕਾਰ, ਹੜਤਾਲ ਕਰਨ ਦਾ ਅਧਿਕਾਰ, ਈਪੀਐੱਫ ਦੀ ਸਹੂਲਤ, ਬੋਨਸ ਦੀ ਸਹੂਲਤ ਆਦਿ ਅਨੇਕਾਂ ਮਜ਼ਦੂਰ ਪੱਖੀ ਕਾਨੂੰਨ ਬਣਾਉਣ ਵਿਚ ਵੀ ਸਫਲਤਾ ਪ੍ਰਾਪਤ ਕੀਤੀ।