ਬੱਚਿਆਂ ’ਚ ਹੋਣ ਵਾਲੀ ਟੀਬੀ ਦੀ ਬਿਮਾਰੀ ਸਬੰਧੀ ਟਰੇਨਿੰਗ ਕਰਵਾਈ
ਬੱਚਿਆਂ ਵਿਚ ਹੋਣ ਵਾਲੀ ਟੀਬੀ ਦੀ ਬਿਮਾਰੀ ਸਬੰਧੀ ਟਰੇਨਿੰਗ ਕਰਵਾਈ
Publish Date: Wed, 29 Apr 2026 04:11 PM (IST)
Updated Date: Wed, 29 Apr 2026 04:13 PM (IST)

ਪਰਮਿੰਦਰ ਸਿੰਘ ਥਿੰੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਹਤ ਵਿਭਾਗ ਫਿਰੋਜ਼ਪੁਰ ਦੇ ਜ਼ਿਲ੍ਹਾ ਟੀਬੀ ਕਲੀਨਿਕ ਵੱਲੋਂ ਵਰਲਡ ਹੈੱਲਥ ਪਾਰਟਨਰਜ ਅਤੇ ਸਾਥੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੀ ਅਗਵਾਈ ਵਿਚ ਬੱਚਿਆਂ ਦੇ ਵਿਚ ਹੋਣ ਵਾਲੀ ਟੀਬੀ ਦੀ ਬਿਮਾਰੀ ਸਬੰਧੀ ਜ਼ਿਲ੍ਹਾ ਪੱਧਰੀ ਟਰੇਨਿੰਗ ਕਰਵਾਈ ਗਈ। ਦਫ਼ਤਰ ਸਿਵਲ ਸਰਜਨ ਵਿਖੇ ਹੋਈ ਇਸ ਟਰੇਨਿੰਗ ਵਿਚ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਉਦੇਸ਼ ਬੱਚਿਆਂ ਵਿਚ ਟੀਬੀ ਦੇ ਲੱਛਣ, ਇਲਾਜ ਅਤੇ ਪ੍ਰਬੰਧਨ ਵਿਚ ਸਿਹਤ ਪੇਸ਼ੇਵਰਾਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣਾ ਹੈ। ਬੱਚਿਆਂ ਦੇ ਰੋਗਾਂ ਦੇ ਮਾਹਿਰ ਅਤੇ ਮਾਸਟਰ ਟਰੇਨਰ ਡਾ. ਹਿਮਾਂਸ਼ੀ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੀਰੋ ਤੋਂ 14 ਸਾਲ ਦੇ ਬੱਚਿਆਂ ਵਿਚ ਦੋ ਹਫਤਿਆਂ ਤੋਂ ਵੱਧ ਖੰਘ ਅਤੇ ਬੁਖਾਰ, ਭਾਰ ਦਾ ਘਟਣਾ, ਥੁੱਕ ਵਿਚ ਖੂਨ, ਭੁੱਖ ਦਾ ਨਾ ਲੱਗਣਾ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ ਟੀਬੀ ਦੀ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਬੱਚਿਆਂ ਦੇ ਮਾਹਿਰ ਡਾਕਟਰ ਜਾਂ ਟੀਬੀ ਕਲੀਨਿਕ ਵਿਖੇ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਬੱਚੇ ਦੇ ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਗੰਢ ਦਿੱਖਣ ’ਤੇ ਤੁਰੰਤ ਹਸਪਤਾਲ ਵਿਚ ਉਸਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਟੀਬੀ ਦੀ ਬਿਮਾਰੀ ਦੇ ਲੱਛਣਾਂ ਸਬੰਧੀ ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਛੋਟੇ ਬੱਚਿਆਂ ਦੇ ਮਾਪਿਆਂ ਨੂੰ ਟੀਬੀ ਦੇ ਲੱਛਣਾਂ ਦੀ ਜਾਣਕਾਰੀ ਦੇਣਾ ਬਹੁਤ ਜਰੂਰੀ ਹੈ। ਹਿਤੇਸ਼ ਕੁਮਾਰ ਮੋਨੀਟਰਿੰਗ ਐਂਡ ਇਵਲੂਏਸ਼ਨ ਅਫ਼ਸਰ, ਵਰਲਡ ਹੈੱਲਥ ਪਾਰਟਨਰ ਨੇ ਦੱਸਿਆ ਕਿ ਛੋਟੇ ਬੱਚਿਆਂ ਵਿਚ ਟੀਬੀ ਦੀ ਬਿਮਾਰੀ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਛੋਟਾ ਬੱਚਾ ਲੱਛਣਾਂ ਸਬੰਧੀ ਦੱਸ ਨਹੀਂ ਸਕਦਾ ਅਤੇ ਉਸਦੇ ਸੈਂਪਲ ਲੈਣ ਵਿਚ ਵੀ ਮੁਸ਼ਕਲ ਪੇਸ਼ ਆਉਂਦੀ ਹੈ ਜਿਸ ਕਾਰਨ ਬੱਚਿਆਂ ਰਾਹੀਂ ਟੀਬੀ ਦੀ ਬਿਮਾਰੀ ਦੇ ਹੋਰਨਾਂ ਤੱਕ ਫੈਲਣ ਦਾ ਖਤਰਾ ਵਧ ਜਾਂਦਾ ਹੈ। ਟਰੇਨਿੰਗ ਵਿਚ ਸਕੂਲ ਹੈੱਲਥ ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਪ੍ਰੀਤ ਕੌਰ ਅਤੇ ਡਾ. ਮਨਮੀਤ ਸਿੰਘ, ਸਿਵਲ ਹਪਸਤਾਲ ਤੋਂ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ ਹਰਪ੍ਰੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ, ਵਰਲਡ ਹੈੱਲਥ ਪਾਰਟਨਰਜ ਦੇ ਜ਼ਿਲ੍ਹਾ ਪ੍ਰੋਜੈਕਟ ਕੁਆਰਡੀਨੇਟਰ ਸੰਦੀਪ ਕੌਰ, ਪ੍ਰਿਸਨ ਇੰਟਰਵੇਂਸ਼ਨ ਪ੍ਰੋਗਰਾਮ ਦੇ ਪ੍ਰੋਜੈਕਟ ਕੋਆਰਡੀਨੇਟਰ ਸੂਰਜ ਪ੍ਰਕਾਸ਼, ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਦੇ ਮੈਡੀਕਲ ਅਫਸਰਾਂ, ਜ਼ਿਲ੍ਹਾ ਟੀਬੀ ਕਲੀਨਿਕ ਦੇ ਸੀਨਿਅਰ ਟਰੀਟਮੈਂਟ ਸੁਪਰਵਾਈਜ਼ਰ, ਲੈਬ ਸੁਪਰਵਾਈਜ਼ਰ, ਹੈੱਲਥ ਵਿਜ਼ਟਰ ਅਤੇ ਆਂਗਨਵਾੜੀ ਸੁਪਰਵਾਈਜ਼ਰਾਂ ਨੇ ਭਾਗ ਲਿਆ।