ਆਨਲਾਈਨ ਡਾਟਾ ਪ੍ਰਬੰਧਨ ਸਬੰਧੀ ਕਲੀਨਿਕਲ ਅਸਿਸਟੈਂਟ ਨੂੰ ਕਰਵਾਈ ਟ੍ਰੇਨਿੰਗ
ਆਨਲਾਈਨ ਡਾਟਾ ਪ੍ਰਬੰਧਨ ਸਬੰਧੀ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਦੇ ਕਲੀਨਿਕਲ ਅਸਿਸਟੈਂਟ ਦੀ ਕਰਵਾਈ ਟਰੇਨਿੰਗ
Publish Date: Fri, 24 Apr 2026 03:51 PM (IST)
Updated Date: Fri, 24 Apr 2026 03:55 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਿੰਕੂ ਚਾਵਲਾ ਦੀ ਪ੍ਰਧਾਨਗੀ ਵਿਚ ਜ਼ਿਲ੍ਹੇ ਦੇ ਸਮੂਹ ਆਮ ਆਦਮੀ ਕਲੀਨਿਕਾਂ ਦੇ ਕਲੀਨਿਕਲ ਅਸਿਸਟੈਂਟ ਦੀ ਇੱਕ ਟ੍ਰੇਨਿੰਗ ਪਿਛਲੇ ਦਿਨੀਂ ਸਿਵਲ ਸਰਜਨ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕਲੀਨਿਕਾਂ ਦੀ ਕਾਰਗੁਜ਼ਾਰੀ, ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ, ਕੀਤੇ ਜਾ ਰਹੇ ਟੈਸਟ ਅਤੇ ਮਰੀਜਾਂ ਦੇ ਆਨਲਾਈਨ ਐਂਟਰੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਿੰਕੂ ਚਾਵਲਾ ਨੇ ਕਲੀਨਿਕਲ ਅਸਿਸਟੈਂਟਾਂ ਨੂੰ ਨਿਰਦੇਸ਼ ਦਿੱਤਾ ਕਿ ਹਰ ਮਰੀਜ਼ ਨਾਲ ਸੰਵੇਦਨਸ਼ੀਲਤਾ ਅਤੇ ਪੇਸ਼ੇਵਰਾਨਾ ਢੰਗ ਨਾਲ ਪੇਸ਼ ਆਉਂਦੇ ਹੋਏ ਉਨ੍ਹਾਂ ਨੂੰ ਉੱਚ ਦਰਜੇ ਦੀ ਸੇਵਾ ਪ੍ਰਦਾਨ ਕੀਤੀ ਜਾਵੇ। ਲੈਬ ਟੈਸਟ ਸਹੂਲਤਾਂ ਅਤੇ ਆਨਲਾਈਨ ਡਾਟਾ ਅਪਡੇਟ ਸਮੇਂ-ਸਿਰ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਹਾਈ ਰਿਸਕ ਗਰਭਵਤੀ ਮਹਿਲਾਵਾਂ ਦੇ ਸਾਰੇ ਟੈਸਟ ਜਿਵੇ ਕਿ ਉੱਚ ਰਕਤਚਾਪ, ਸ਼ੂਗਰ, ਖੂਨ ਦੀ ਕਮੀ, ਆਦਿ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ। ਆਮ ਆਦਮੀ ਕਲੀਨਿਕ ਵਿਖੇ ਆਉਣ ਵਾਲੇ ਮਰੀਜਾਂ ਦੀ ਐਂਟਰੀ ਈ-ਸੁਸ਼ਰੁਤ ਪੋਰਟਲ ਰਾਹੀਂ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸੰਦੀਪ ਗਰੋਵਰ ਵੱਲੋਂ ਆਨਲਾਈਨ ਪੋਰਟਲ ਦੇ ਪ੍ਰਯੋਗ, ਡਾਟਾ ਸਿਕਿਊਰਿਟੀ, ਲਾਗਿਨ ਏਕਸੈਸ, ਯੂਜ਼ਰ ਰੋਲ ਅਤੇ ਕੇਸ-ਬੇਸਡ ਡਾਟਾ ਅੱਪਡੇਟ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਟ੍ਰੇਨਿੰਗ ਦੌਰਾਨ ਡਾਟਾ ਐਂਟਰੀ ਨਾਲ ਜੁੜੀਆਂ ਤਕਨੀਕੀ ਸਮੱਸਿਆਵਾਂ ਦਾ ਨਿਵਾਰਨ ਕਰਨ ਅਤੇ ਕੇਂਦਰ ਅਤੇ ਰਾਜ ਪੱਧਰ ਦੀਆਂ ਨਿਰਦੇਸ਼ਾਵਾਂ ਨੂੰ ਮੈਦਾਨੀ ਪੱਧਰ ਤੱਕ ਪਹੁੰਚਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਰਿੰਕੂ ਚਾਵਲਾ ਨੇ ਕਿਹਾ ਕਿ ਸਰਕਾਰੀ ਸਿਹਤ ਸੇਵਾਵਾਂ ਨੂੰ ਡਿਜੀਟਲ ਮਾਡਲ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਆਸ ਜਤਾਈ ਕਿ ਡਾਟਾ ਦੀ ਗੁਣਵੱਤਾ ਅਤੇ ਸਮੇਂ-ਸਿਰ ਅੱਪਲੋਡਿੰਗ ਰਾਹੀਂ ਸਿਹਤ ਪ੍ਰੋਗਰਾਮਾਂ ਦੀ ਡਿਲਿਵਰੀ ਹੋਰ ਮਜ਼ਬੂਤ ਹੋਏਗੀ ਅਤੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਹੋ ਸਕਣਗੀਆਂ। ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ ਤੇ ਸਫ਼ਾਈ ਪ੍ਰਬੰਧ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਅਤੇ ਇਨਫੈਕਸ਼ਨ ਕੰਟਰੋਲ ਮਿਆਰਾਂ ਦੀ ਪਾਲਣਾ ਸਬੰਧੀ ਵੀ ਹਦਾਇਤਾਂ ਦਿੱਤੀਆਂ ਗਈਆਂ। ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਮਨਬੀਰ ਸਿੰਘ, ਦਿਵੇਸ਼ ਕੁਮਾਰ, ਡੀਐਸਏ ਮੈਡਮ ਚਾਈਨਾ, ਬਲਜਿੰਦਰ ਕੌਰ ਆਦਿ ਮੌਜੂਦ ਸਨ।