ਦਰਦਨਾਕ ਹਾਦਸਾ : ਪੁੱਤਰ ਦੀ ਮੌਤ ਦੇ ਸਦਮੇ 'ਚ ਸੀ ਕੈਂਟਰ ਡਰਾਈਵਰ, ਅਬੋਹਰ 'ਚ ਰੇਲਗੱਡੀ ਹੇਠਾਂ ਆਉਣ ਕਾਰਨ ਹੋਈ ਮੌਤ
ਜੀਆਰਪੀ ਪੁਲਿਸ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਕਰਨਜੀਤ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਧਾਰਾ 194 ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
Publish Date: Sat, 16 May 2026 02:56 PM (IST)
Updated Date: Sat, 16 May 2026 03:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਬੋਹਰ : ਸੀਤੋ ਫਾਟਕ ਨੇੜੇ ਰੇਲਵੇ ਪਟੜੀਆਂ 'ਤੇ ਬੀਤੀ ਰਾਤ ਇੱਕ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਅਜਾਇਬ ਸਿੰਘ (60) ਵਾਸੀ ਪੰਜਪੀਰ ਨਗਰ, ਗਲੀ ਨੰਬਰ 5 ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸਦੀ ਮੌਤ ਰੇਲਗੱਡੀ ਹੇਠਾਂ ਆਉਣ ਕਾਰਨ ਹੋਈ।
ਜੀਆਰਪੀ ਪੁਲਿਸ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਕਰਨਜੀਤ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਧਾਰਾ 194 ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਬਲਵਿੰਦਰ ਸਿੰਘ ਕੈਂਟਰ ਡਰਾਈਵਰ ਸਨ ਅਤੇ ਪਿਛਲੇ ਕਈ ਸਾਲਾਂ ਤੋਂ ਮਾਨਸਿਕ ਤਣਾਅ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਵੱਡੇ ਪੁੱਤਰ ਦੀ 2021 ਵਿੱਚ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਗਹਿਰੇ ਸਦਮੇ ਵਿੱਚ ਚਲੇ ਗਏ ਸਨ।
ਕਰਨਜੀਤ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10 ਵਜੇ ਉਸਦੇ ਪਿਤਾ ਅਚਾਨਕ ਘਰੋਂ ਨਿਕਲ ਗਏ ਸਨ। ਜਦੋਂ ਉਹ ਦੇਰ ਰਾਤ ਤੱਕ ਵਾਪਸ ਨਾ ਆਏ ਤਾਂ ਪਰਿਵਾਰ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਪਰ ਕੋਈ ਪਤਾ ਨਹੀਂ ਲੱਗਿਆ। ਸਵੇਰੇ ਸੋਸ਼ਲ ਮੀਡੀਆ ਰਾਹੀਂ ਰੇਲਵੇ ਪਟੜੀਆਂ 'ਤੇ ਇੱਕ ਅਣਪਛਾਤੀ ਲਾਸ਼ ਮਿਲਣ ਦੀ ਜਾਣਕਾਰੀ ਮਿਲੀ। ਮੁਰਦਾਘਰ ਪਹੁੰਚ ਕੇ ਪਰਿਵਾਰ ਨੇ ਲਾਸ਼ ਦੀ ਪਛਾਣ ਬਲਵਿੰਦਰ ਸਿੰਘ ਵਜੋਂ ਕੀਤੀ।