ਟਰੈਕਟਰ-ਟਰਾਲਾ ਪਲਟਿਆ, ਕਾਰ ’ਤੇ ਡਿੱਗੀਆਂ ਫੀਡ ਦੀਆਂ ਬੋਰੀਆਂ
ਟੋਏ ਕਾਰਨ ਪਲਟਿਆ ਟਰੈਕਟਰ-ਟਰਾਲਾ: ਕਾਰ ਉੱਪਰ ਡਿੱਗੀਆਂ ਪਸ਼ੂਆਂ ਦੀ ਫੀਡ ਦੀਆਂ ਬੋਰੀਆਂ
Publish Date: Wed, 01 Apr 2026 05:47 PM (IST)
Updated Date: Wed, 01 Apr 2026 05:49 PM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ ਜਲਾਲਾਬਾਦ : ਫਾਜ਼ਿਲਕਾ ਤੋਂ ਗੁਰੂਹਰਸਹਾਏ ਜਾ ਰਿਹਾ ਪਸ਼ੂਆਂ ਦੀ ਫੀਡ ਦੀਆਂ ਬੋਰੀਆਂ ਨਾਲ ਭਰਿਆ ਇੱਕ ਟਰੈਕਟਰ-ਟਰਾਲਾ ਜਲਾਲਾਬਾਦ ਦੇ ਨਜ਼ਦੀਕ ਸੜਕ ਵਿੱਚ ਵੱਡਾ ਟੋਆ ਹੋਣ ਕਾਰਨ ਪਲਟ ਗਿਆ। ਟਰਾਲੇ ਵਿੱਚ ਭਰੀਆਂ ਬੋਰੀਆਂ ਕੋਲ ਖੜ੍ਹੀ ਇੱਕ ਕਾਰ ਉੱਪਰ ਜਾ ਡਿੱਗੀਆਂ, ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਦੁਕਾਨਦਾਰ ਪੂਰਨ ਕੰਬੋਜ ਨੇ ਦੱਸਿਆ ਕਿ ਫਾਜ਼ਿਲਕਾ ਤੋਂ ਪਸ਼ੂਆਂ ਦੀ ਫੀਡ ਨਾਲ ਲੱਦਿਆ ਇੱਕ ਟਰੈਕਟਰ-ਟਰਾਲਾ ਗੁਰੂਹਰਸਹਾਏ ਜਾ ਰਿਹਾ ਸੀ। ਜਦੋਂ ਉਹ ਜਲਾਲਾਬਾਦ ਬੱਸ ਸਟੈਂਡ ਦੇ ਨਜ਼ਦੀਕ ਉਹਨਾਂ ਦੀ ਦੁਕਾਨ ਕੋਲ ਪਹੁੰਚਿਆ ਤਾਂ ਉੱਥੇ ਸੜਕ ਵਿੱਚ ਬਰਸਾਤੀ ਪਾਣੀ ਭਰਿਆ ਹੋਇਆ ਸੀ। ਟੋਏ ’ਚ ਟਾਇਰ ਫਸਣ ਕਾਰਨ ਟਰਾਲਾ ਪਲਟ ਗਿਆ ਅਤੇ ਉਸ ਵਿੱਚ ਲੱਦੀਆਂ ਬੋਰੀਆਂ ਦੁਕਾਨ ਦੇ ਬਾਹਰ ਖੜ੍ਹੀ ਕਾਰ ਤੇ ਡਿੱਗ ਗਈਆਂ। ਚੰਗੀ ਕਿਸਮਤ ਰਹੀ ਕਿ ਕਾਰ ’ਚ ਜਾਂ ਉਸ ਦੇ ਕੋਲ ਕੋਈ ਵਿਅਕਤੀ ਮੌਜੂਦ ਨਹੀਂ ਸੀ। ਕਾਰ ਮਾਲਕ ਨੇ ਦੱਸਿਆ ਕਿ ਉਸ ਨੇ ਦੋ ਦਿਨ ਪਹਿਲਾਂ ਹੀ 5 ਲੱਖ ਰੁਪਏ ’ਚ ਇਹ ਗੱਡੀ ਖਰੀਦੀ ਸੀ। ਮੌਕੇ ਤੇ ਪਹੁੰਚੇ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਕੰਬੋਜ ਨੇ ਆਖਿਆ ਕਿ ਟੁੱਟੀਆਂ ਸੜਕਾਂ ਕਾਰਨ ਹਾਦਸੇ ਵਾਪਰ ਰਹੇ ਹਨ, ਜੋ ਸਰਕਾਰ ਦੇ ਵਿਕਾਸ ਕਾਰਜਾਂ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹਨ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ ਤੇ ਨਵੀਂ ਸੜਕ ਬਣਾਉਣ ਦੇ ਟੈਂਡਰ ਹੋ ਚੁੱਕੇ ਹਨ, ਪਰ ਕੰਮ ਅਜੇ ਸ਼ੁਰੂ ਨਹੀਂ ਹੋਇਆ ਹੈ।