ਗਊ ਸੇਵਾ ਹੀ ਸਭ ਤੋਂ ਵੱਡਾ ਧਰਮ : ਚੰਦਰਕਾਂਤ
ਤਿੰਨ ਰੋਜ਼ਾ ਗਊ ਮਾਤਾ ਕਥਾ ਦਾ ਆਯੋਜਨ
Publish Date: Sat, 07 Mar 2026 07:04 PM (IST)
Updated Date: Sat, 07 Mar 2026 07:06 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਹਾਰਮਨੀ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਤਿੰਨ ਰੋਜ਼ਾ ਗਊ ਮਾਤਾ ਕਥਾ ਦਾ ਸ਼ੁਭ ਆਰੰਭ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਹੋਇਆ। ਸਮਾਗਮ ਦੀ ਸ਼ੁਰੂਆਤ ਪੰਡਿਤ ਲੇਖਰਾਜ ਤ੍ਰਿਪਾਠੀ ਵੱਲੋਂ ਵਿਧੀਵਤ ਪੂਜਾ-ਅਰਚਨਾ ਕਰਵਾ ਕੇ ਕੀਤੀ ਗਈ। ਇਸ ਮੌਕੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਦੇ ਡਾਇਰੈਕਟਰ ਧਰਮਪਾਲ ਬਾਂਸਲ ਨੇ ਦੱਸਿਆ ਕਿ ਕਥਾ ਦੇ ਪਹਿਲੇ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪਹੁੰਚ ਕੇ ਗਊ ਮਾਤਾ ਦੀ ਮਹਿਮਾ ਦਾ ਅਨੰਦ ਮਾਣਿਆ। ਸੁੰਦਰ ਢੰਗ ਨਾਲ ਸਜਾਏ ਗਏ ਪੰਡਾਲ ਵਿਚ ਭਜਨ-ਕੀਰਤਨ ਅਤੇ ਮੰਤਰਾਂ ਦੇ ਜਾਪ ਨੇ ਪੂਰੇ ਵਾਤਾਵਰਨ ਨੂੰ ਅਧਿਆਤਮਿਕ ਰੰਗ ਵਿਚ ਰੰਗ ਦਿੱਤਾ। ਪ੍ਰਮੁੱਖ ਗਊ ਕਥਾ ਵਾਚਕ ਚੰਦਰਕਾਂਤ ਅਖਿਲ ਭਾਰਤੀ ਨੇ ਗਊ ਮਹਿਮਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਨਾਤਨ ਧਰਮ ਵਿਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਇਸ ਵਿਚ 33 ਕੋਟੀ ਦੇਵੀ-ਦੇਵਤੇ ਨਿਵਾਸ ਕਰਦੇ ਹਨ। ਉਨ੍ਹਾਂ ਕਿਹਾ ਗਊ ਦੀ ਰੱਖਿਆ ਸਾਡਾ ਧਰਮ ਹੈ ਅਤੇ ਉਸਦੀ ਸੇਵਾ ਹੀ ਜੀਵਨ ਦਾ ਅਸਲ ਸਹਾਰਾ ਹੈ। ਉਨ੍ਹਾਂ ਦੱਸਿਆ ਕਿ ਗਊ ਮਾਤਾ ਰਾਹੀਂ ਛੱਡੀ ਗਈ ਸਾਹ ਨਾਲ ਵਾਤਾਵਰਣ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਅਤੇ ਨਕਾਰਾਤਮਕਤਾ ਦੂਰ ਹੁੰਦੀ ਹੈ। ਗਊ ਸੇਵਾ ਨਾਲ ਨਾ ਸਿਰਫ਼ ਇਸ ਜਨਮ ਵਿਚ ਪੁੰਨ ਮਿਲਦਾ ਹੈ, ਬਲਕਿ ਇਹ ਪਰਲੋਕ ਦੇ ਸੁਖਾਂ ਦਾ ਵੀ ਰਾਹ ਪੱਧਰਾ ਕਰਦੀ ਹੈ। ਸਵਾਮੀ ਡਾ. ਅਨਿਲ ਸ਼ਰਮਾ (ਗੁਰੂ ਜੀ) ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਨਾਤਨ ਧਰਮ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਮੋਬਾਈਲ ਫੋਨ ਦੀ ਵਰਤੋਂ ਸਿਰਫ਼ ਗਿਆਨ ਹਾਸਲ ਕਰਨ ਲਈ ਹੀ ਕਰਨ ਦੀ ਸਿੱਖਿਆ ਦਿੱਤੀ ਜਾਵੇ। ਕਥਾ ਦੌਰਾਨ ਫਿਰੋਜ਼ਪੁਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿਚ ਬਾਬਾ ਬਲਦੇਵ ਗਿਰੀ ਜੀ ਮਹਾਰਾਜ ਗੱਦੀ ਸੰਚਾਲਕ ਬਾਬਾ ਬਾਲਕ ਨਾਥ, ਪਰਮਿੰਦਰ ਸਿੰਘ ਪਿੰਕੀ ਸਾਬਕਾ ਵਿਧਾਇਕ ਫਿਰੋਜ਼ਪੁਰ, ਰਿੰਕੂ ਗਰੋਵਰ ਪ੍ਰਧਾਨ ਨਗਰ ਕੌਂਸਲ, ਅਨੁਮੀਤ ਸਿੰਘ ਹੀਰਾ ਸੋਢੀ ਅਤੇ ਹੋਰ ਗਊ ਪ੍ਰੇਮੀ ਸ਼ਾਮਲ ਸਨ। ਸਮਾਗਮ ਦੇ ਅੰਤ ਵਿਚ ਸਾਰਿਆਂ ਨੇ ਰਲ ਕੇ ਆਰਤੀ ਕੀਤੀ ਅਤੇ ਪ੍ਰਸਾਦ ਗ੍ਰਹਿਣ ਕੀਤਾ। ਪ੍ਰਬੰਧਕਾਂ ਅਨੁਸਾਰ ਇਹ ਕਥਾ ਅਗਲੇ ਦੋ ਦਿਨ ਲਗਾਤਾਰ ਜਾਰੀ ਰਹੇਗੀ।