ਭਾਰਤ ਪਾਕ ਸਰਹੱਦ ਦੇ ਨਾਲ ਲੱਗਦੇ ਪੁਲ ਕਾਵਾਂ ਵਾਲੀ ਵਿਖੇ ਦੀਨੋ ਦਿਨ ਪਾਣੀ ਦਾ ਪੱਧਰ ਵੱਧ ਰਿਹਾ
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ
ਫਾਜ਼ਿਲਕਾ : ਸਰਹੱਦ ਦੇ ਨਾਲ ਲੱਗਦੇ ਪੁਲ ਕਾਵਾਂ ਵਾਲੀ ਵਿਖੇ ਦਿਨੋ-ਦਿਨ ਪਾਣੀ ਦਾ ਪੱਧਰ ਵੱਧ ਰਿਹਾ ਹੈ। ਫਾਜ਼ਿਲਕਾ ਵਿੱਚ ਹੜ੍ਹਾਂ ਤੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਰਾਹਤ ਕਾਰਜ ਵਿੱਚ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨਡੀਆਰਐੱਫ) ਦੀਆਂ ਟੀਮਾਂ ਨੇ ਮਨੁੱਖਤਾ ਅਤੇ ਸੇਵਾ ਦੀ ਇੱਕ ਮਿਸਾਲ ਕਾਇਮ ਕਰ ਰਹੀਆਂ ਹਨ ਟੀਮ ਕਮਾਂਡਰ ਰੇਖ ਸਿੰਘ ਮੀਨਾ ਦੀ ਅਗਵਾਈ ਵਾਲੀ ਬਚਾਅ ਟੀਮ ਨੇ ਪਿੰਡ ਗੱਟੀ ਨੰਬਰ-1 ਤੋਂ ਰਾਜ ਰਾਣੀ ਨੂੰ ਸੁਰੱਖਿਅਤ ਬਾਹਰ ਕੱਢਿਆ। ਹੜ੍ਹ ਦੇ ਪਾਣੀ ਵਿੱਚ ਫਸ ਜਾਣ ਕਾਰਨ ਉਹ ਬੇਹੋਸ਼ ਹੋ ਗਈ ਸੀ। ਐੱਨਡੀਆਰਐੱਫ ਦੇ ਜਵਾਨਾਂ ਨੇ ਤੁਰੰਤ ਉਸਨੂੰ ਬਚਾਇਆ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ। ਇੱਕ ਪਿੰਡ ਵਾਸੀ ਨੇ ਕਿਹਾ ਕਿ ਅਸੀਂ ਸਾਰੇ ਘਬਰਾ ਗਏ ਸੀ ਪਰ ਐਨਡੀਆਰਐਫ ਦੀ ਟੀਮ ਨੇ ਹਿੰਮਤ ਦਿਖਾਈ ਅਤੇ ਰਾਜ ਰਾਣੀ ਨੂੰ ਸੁਰੱਖਿਅਤ ਬਚਾਇਆ।
ਲਗਾਤਾਰ ਗਸ਼ਤ ਕਰ ਰਹੀ ਐੱਨਡੀਆਰਐੱਫ
ਐੱਨਡੀਆਰਐੱਫ ਟੀਮ ਨਾ ਸਿਰਫ਼ ਫਸੇ ਲੋਕਾਂ ਨੂੰ ਬਾਹਰ ਕੱਢ ਰਹੀ ਹੈ, ਸਗੋਂ ਉਨ੍ਹਾਂ ਨੂੰ ਰਾਹਤ ਕੈਂਪਾਂ ਵਿੱਚ ਵੀ ਲਿਜਾਅ ਰਹੀ ਹੈ। ਇਸ ਤੋਂ ਇਲਾਵਾ ਲੰਗਰ ਅਤੇ ਡਾਕਟਰੀ ਸਹੂਲਤਾਂ ਵੀ ਪ੍ਰਦਾਨ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮਾਂ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਗਸ਼ਤ ਕਰ ਰਹੀਆਂ ਹਨ ਅਤੇ ਲੋੜ ਪੈਣ 'ਤੇ ਤੁਰੰਤ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ।
ਪਾਣੀ ਵਧਣ ਕਾਰਨ ਮੁਸ਼ਕਿਲਾਂ ਵੀ ਵਧੀਆਂ
ਲੋਕਾਂ ਦਾ ਕਹਿਣਾ ਹੈ ਕਿ ਕਈ ਪਿੰਡਾਂ ਵਿੱਚ ਪਾਣੀ ਦਾ ਪੱਧਰ ਹਾਲੇ ਵੀ ਉੱਚਾ ਹੈ। ਅਜਿਹੀ ਸਥਿਤੀ ਵਿੱਚ ਐੱਨਡੀਆਰਐੱਫ ਅਤੇ ਸਥਾਨਕ ਪ੍ਰਸ਼ਾਸਨ ਨੂੰ ਮਿਲ ਕੇ ਚੌਕਸ ਰਹਿਣਾ ਪਵੇਗਾ। ਪਿੰਡ ਵਾਸੀਆਂ ਨੇ ਉਮੀਦ ਜਤਾਈ ਹੈ ਕਿ ਰਾਹਤ ਕਾਰਜ ਤੇਜ਼ ਰਫ਼ਤਾਰ ਨਾਲ ਜਾਰੀ ਰਹਿਣਗੇ ਅਤੇ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋਣਗੀਆਂ।
ਹੜ੍ਹ ਪ੍ਰਭਾਵਿਤ ਖੇਤਰ ’ਚੋਂ ਬਾਹਰ ਆਉਣ ਲੋਕ : ਡੀਸੀ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸਤਲੁਜ ਵਿਚ ਲਗਤਾਰ ਵੱਧ ਰਹੇ ਪਾਣੀ ਦੇ ਮੱਦੇਨਜਰ ਕ੍ਰੀਕ ਪਾਰ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੁਰੰਤ ਪਿੰਡ ਛੱਡ ਕੇ ਸੁਰੱਖਿਅਤ ਥਾਂ ਤੇ ਪਹੁੰਚਣ। ਉਨ੍ਹਾਂ ਨੇ ਕਿਹਾ ਕਿ ਬੱਚਿਆਂ, ਬਜੁਰਗਾਂ ਅਤੇ ਮਹਿਲਾਵਾਂ ਨੂੰ ਪਹਿਲ ਦੇ ਅਧਾਰ ਤੇ ਸੁਰੱਖਿਅਤ ਬਾਹਰ ਕੱਢਿਆ ਜਾਵੇ ਕਿਉਂਕਿ ਹਰੀਕੇ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ ਵੱਧ ਕੇ 3 ਲੱਖ 11 ਹਜਾਰ ਕਿਉਸਿਕ ਹੋ ਗਈ ਹੈ ਅਤੇ ਇਹ ਇਕ ਵੱਡੇ ਖਤਰੇ ਦਾ ਸੰਕੇਤ ਹੈ।
ਪ੍ਰਸ਼ਾਸਨ ਚਲਾ ਰਿਹਾ 12 ਰਾਹਤ ਕੈਂਪ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਵੱਲੋਂ 12 ਰਾਹਤ ਕੇਂਦਰ ਚਲਾਏ ਜਾ ਰਹੇ ਹਨ ਅਤੇ ਜਰੂਰਤ ਪਈ ਤਾਂ ਹੋਰ ਰਾਹਤ ਕੇਂਦਰ ਵੀ ਤੁਰੰਤ ਸ਼ੁਰੂ ਕਰ ਦਿੱਤੇ ਜਾਣਗੇ ਇਸ ਲਈ ਲੋਕ ਸੁਰੱਖਿਅਤ ਥਾਂ ਤੇ ਆਉਣ ਨੂੰ ਤਰਜੀਹ ਦੇਣ। ਇਸੇ ਤਰਾਂ ਉਨ੍ਹਾਂ ਨੇ ਸੁਰੱਖਿਅਤ ਥਾਂਵਾਂ ਦੇ ਲੋਕਾਂ ਨੂੰ ਕਾਂਵਾਂ ਵਾਲੀ ਬੰਨ ਤੇ ਪਾਣੀ ਵੇਖਣ ਨਾ ਜਾਣ ਦੀ ਅਪੀਲ ਵੀ ਕੀਤੀ ਹੈ ਕਿਉਂਕਿ ਇਸ ਬੰਨ ਤੇ ਪਹਿਲਾਂ ਹੀ ਪਾਣੀ ਦਾ ਵਹਾਅ ਜਿਆਦਾ ਹੈ ਅਤੇ ਇਸ ਤੇ ਜਿਆਦਾ ਦਬਾਅ ਪੈਣ ਨਾਲ ਇਸ ਨੂੰ ਨੁਕਸਾਨ ਹੋ ਸਕਦਾ ਹੈ। ਵਿਭਾਗ ਦੀਆਂ ਟੀਮਾਂ ਪਹਿਲਾਂ ਹੀ ਇਸ ਬੰਨ ਨੂੰ ਲਗਾਤਾਰ ਮਜਬੂਤ ਕਰਨ ਲਈ ਕੰਮ ਕਰ ਰਹੀਆਂ ਹਨ।
ਹੁਣ ਤੱਕ 2422 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਜਿਲ਼੍ਹੇ ਵਿਚ ਹੁਣ ਤੱਕ ਐਨਡੀਆਰਐਫ, ਆਰਮੀ ਤੇ ਸਿਵਲ ਪ੍ਰਸ਼ਾਸਨ ਦੀਆਂ ਰਾਹਤ ਟੀਮਾਂ ਵੱਲੋਂ 2422 ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਰਾਹਤ ਕੈਂਪਾਂ ਵਿਚ 1498 ਲੋਕ ਰਹਿ ਰਹੇ ਹਨ ਜਿੰਨ੍ਹਾਂ ਦੀ ਪ੍ਰਸ਼ਾਸਨ ਹਰ ਸੰਭਵ ਮਦਦ ਕਰ ਰਿਹਾ ਹੈ।ਇਸੇ ਤਰਾਂ ਲੋਕਾਂ ਨੂੰ 7117 ਰਾਸ਼ਨ ਕਿੱਟਾਂ ਅਤੇ 3779 ਥੈਲੇ ਕੈਟਲ ਫੀਡ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਾਹਤ ਸਮੱਗਰੀ ਦੀ ਕੋਈ ਘਾਟ ਨਹੀਂ ਹੈ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਹਰ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮਦਦ ਜਾਂ ਜਾਣਕਾਰੀ ਲਈ ਜ਼ਿਲ੍ਹਾ ਹੜ੍ਹ ਕੰਟਰੋਲ ਰੂਮ ਦੇ ਨੰਬਰ 01638-262153 ਤੇ ਸੰਪਰਕ ਕੀਤਾ ਜਾ ਸਕਦਾ ਹੈ।