ਸਕੂਲ ਨਾਲ ਖੜ੍ਹਾ ਗੰਦਾ ਪਾਣੀ ਤੇ ਰੂੜੀਆ ਦੇ ਢੇਰ ਦੇ ਰਹੇ ਬਿਮਾਰੀਆਂ ਨੂੰ ਸੱਦਾ
ਸਕੂਲ ਦੇ ਨਾਲ ਖੜਾ ਗੰਦਾ ਪਾਣੀ ਅਤੇ ਸਕੂਲ ਦੇ ਗੇਟ ਨਾਲ ਦੇਵਾਂ ਪਾਸੇ ਲੱਗੇ ਰੂੜੀਆ ਦੇ ਢੇਰ ਦੇ ਰਹੇ
Publish Date: Wed, 11 Mar 2026 07:25 PM (IST)
Updated Date: Wed, 11 Mar 2026 07:27 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਬੀਤੇ ਪਿਛਲੇ ਇਕ ਹਫਤੇ ਦੌਰਾਨ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਪ੍ਰਾਇਮਰੀ ਸਕੂਲ ਦੀ ਚੌਥੀ ਕਲਾਸ ਵਿਚ ਪੜਦੀ 12 ਸਾਲਾ ਵਿਦਿਆਰਥਣ ਦੀ ਦੂਸ਼ਿਤ ਪਾਣੀ ਤੋਂ ਪੀਲੀਏ ਨਾਲ ਮੌਤ ਹੋ ਗਈ ਸੀ ਤੇ ਪਿੰਡ 45 ਤੋਂ 50 ਬੱਚਿਆਂ ਦੇ ਪੀਲੀਆ ਹੋਣ ਦਾ ਕਾਰਨ ਜ਼ਿਲ੍ਹਾ ਸਿਹਤ ਵਿਭਾਗ ਫਿਰੋਜ਼ਪੁਰ ਨੇ ਲੈਪਟੋਸਪਾਇਰੋਸਿਸ ਬੈਕਟੀਰੀਆ’ ਦੱਸਿਆ ਗਿਆ ਹੈ। ਬੱਚਿਆਂ ਵਿਚ ਇਹ ਬੀਮਾਰੀ ਫੈਲਣ ਦਾ ਕਾਰਨ ਪਿੰਡ ਦਾ ਉਵਰਫਲੋਅ ਛੱਪੜ ਤੇ ਸਕੂਲ ਦੇ ਰਾਹ ’ਤੇ ਖੜ੍ਹਾ ਗੰਦਾ ਪਾਣੀ ਸੀ। ਬਿਲਕੁਲ ਇਸ ਤਰ੍ਹਾਂ ਦੇ ਹਲਾਤ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅਤੇ ਬਲਾਕ ਮਮਦੋਟ ਅਧੀਨ ਆਉਦੇ ਸਰਹੱਦੀ ਪਿੰਡ ਚੱਕ ਰਾਉਕੇ ਹਿਠਾੜ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਪਿੰਡ ਦਾ ਛੱਪੜ ਓਵਰਫਲੋਅ ਹੋਇਆ ਪਿਆ ਹੈ ਤੇ ਛੱਪੜ ਵਿਚ ਜਲਕੁੰਭੀ ਤੇ 5-7 ਫੁੱਟ ਉੱਚਾ ਸਰਕੰਡਾ ਖੜ੍ਹਾ ਹੈ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਛੋਟੇ ਬੱਚਿਆ ਦੇ ਆਂਗਨਵਾੜੀ ਸੈਂਟਰ ਦੇ ਨਾਲ ਨਾਲ ਗਲੀਆਂ-ਨਾਲੀਆਂ ਗੰਦਾ ਪਾਣੀ ਕਾਫੀ ਸਮੇਂ ਤੋਂ ਖੜ੍ਹਾ ਹੈ, ਸਕੂਲ ਅਤੇ ਆਂਗਨਵਾੜੀ ਸੈਂਟਰ ਦੇ ਸਾਂਝੇ ਗੇਟ ਦੇ ਦੋਵਾਂ ਪਾਸਿਆਂ ਤੇ ਗੋਹਾ ਕਰਕਟ ਦੀਆਂ ਰੂੜੀਆ ਲੱਗੀਆਂ ਹੋਈਆਂ ਹਨ। ਸਕੂਲ ਨਾਲ ਸਥਿਤ ਪਿੰਡ ਵਾਟਰ ਬਾਕਸ ਦੇ ਆਸ-ਪਾਸ ਵੀ ਰੂੜੀਆਂ ਲੱਗੀਆਂ ਹੋਈਆਂ ਹਨ ਤੇ ਜਗ੍ਹਾ ਜਗ੍ਹਾ ਗੰਦਾ ਪਾਣੀ ਖੜਿਆ ਹੈ।ਵਾਟਰ ਬਾਕਸ ਤੋਂ ਪਿੰਡਾਂ ਨੂੰ ਜਾਣ ਵਾਲੀ ਪਾਈਪ ਲਾਈਨ ਉਪਰ ਬਣੀ ਡਿੱਗੀ ਵਿਚ ਲੱਗਿਆ ਗੇਟ ਵਾਲ ਦੀ ਲੀਕੇਜ ਨਾਲ ਡਿੱਗੀ ਵਿਚ ਗੰਦਾ ਪਾਣੀ ਖੜਿਆ ਹੈ, ਜੋ ਵਾਟਰ ਬਾਕਸ ਦੀ ਮੇਨ ਪਾਈਪ ਲਾਈਨ ਵਿਚ ਮਿਕਸ ਹੋ ਸਕਦਾ ਹੈ। ਜਿਸ ਨਾਲ ਇਸ ਵਾਟਰ ਬਾਕਸ ਤੋਂ ਪਿੰਡ ਚੱਕ ਰਾਉਕੇ ਹਿਠਾੜ, ਰਾਜਾ ਰਾਏ ਤੇ ਫਾਰੂ ਵਾਲਾ ਆਦਿ ਇਨ੍ਹਾਂ ਪਿੰਡਾਂ ਵਿਚ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ। ਜੇ ਸਰਕਾਰ ਗ੍ਰਾਂਟ ਦੇਵੇਗੀ ਤਾਂ ਸਫ਼ਾਈ ਹੋ ਜਾਵੇਗੀ : ਸਰਪੰਚ ਨਿਰਮਲਾ ਰਾਣੀ ਇਸ ਸਬੰਧੀ ਸਰਪੰਚ ਨਿਰਮਲਾ ਰਾਣੀ ਤੇ ਇਨ੍ਹਾਂ ਦੇ ਪਤੀ ਅਮਰਜੀਤ ਸਿੰਘ, ਪੰਚ ਦੇਸ ਸਿੰਘ, ਪੰਚ ਸਰਬਜੀਤ ਸਿੰਘ, ਪੰਚ ਪ੍ਰਕਾਸ਼ ਕੌਰ, ਪਰਮਜੀਤ ਸਿੰਘ, ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਪਿੰਡ ਕੋਲ ਕੋਈ ਆਮਦਨ ਦਾ ਸਰੋਤ ਨਹੀਂ ਹੈ ਤੇ ਨਾਂਹ ਕੋਈ ਫੰਡ ਹੈ, ਜਿਸ ਨਾਲ ਪਿੰਡ ਦੇ ਛੱਪੜ ਦੀ ਸਫ਼ਾਈ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਜੇਕਰ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸ਼ਨ, ਪੰਚਾਇਤੀ ਵਿਭਾਗ ਪਿੰਡ ਨੂੰ ਵਿਸ਼ੇਸ਼ ਗ੍ਰਾਂਟ ਜਾਰੀ ਕਰਦੇ ਹਨ ਤਾਂ ਪਿੰਡ ਦੇ ਛੱਪੜ ਅਤੇ ਗਲੀਆਂ ਨਾਲੀਆਂ ਦੀ ਸਫ਼ਾਈ ਕਾਰਵਾਈ ਜਾ ਸਕਦੀ ਹੈ।