ਅੱਖਾਂ ਤੋਂ ਵਿਹੂਣੀਆਂ ਹੋਣਹਾਰ ਬੱਚੀਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ
ਅੱਖਾਂ ਤੋਂ ਵਿਹੂਣੀਆਂ ਹੋਣਹਾਰ ਬੱਚੀਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ; ਮਦਦ ਲਈ ਅੱਗੇ ਆਏ ‘ਰੱਬ ਦੇ ਬੰਦੇ’
Publish Date: Tue, 05 May 2026 04:32 PM (IST)
Updated Date: Tue, 05 May 2026 04:35 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ‘ਏਤੀ ਮਾਰ ਪਈ ਕੁਰਲਾਣੇਂ,ਤੈਂ ਕੀ ਦਰਦ ਨਾ ਆਇਆ।’ ਕਈ ਵਾਰ ਰੱਬ ਦਾ ਅਜਿਹਾ ਕਹਿਰ ਵਾਪਰ ਜਾਂਦਾ ਹੈ ਕਿ ਹਰ ਕੋਈ ਸੂਭੈਅਕੀ ਹੀ ਇਹ ਆਖਣ ਲਈ ਮਜਬੂਰ ਹੋ ਜਾਂਦਾ ਹੈ। ਅਜਿਹਾ ਭਾਣਾ ਬੀਤੇ ਦਿਨੀਂ ਫਿਰੋਜ਼ਪੁਰ ਦੇ ਪਿੰਡ ਲੱਖਾ ਹਾਜੀ ਵਿਖੇ ਵਾਪਰਿਆ, ਜਿਥੇ ਅੱਖਾਂ ਤੋਂ ਵਿਹੂਣੀਆਂ ਦੋ ਛੋਟੀਆਂ ਬੱਚੀਆਂ ਨੂੰ ਮਿਊਜ਼ਿਕ ਤੇ ਸੰਗੀਤ ਸਿਖਾ ਕੇ ਪੈਰਾਂ ਭਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਰਜੀ ਪਿਤਾ ਦੀ ਅਚਾਨਕ ਮੌਤ ਹੋ ਗਈ। ਪਰਿਵਾਰ ਦੀ ਤਰਾਸਦੀ ਇਹ ਸੀ ਕਿ ਤਿੰਨ ਛੋਟੀਆਂ ਧੀਆਂ ਅਤੇ ਇਕ ਕੁੱਛੜ ਮੁੰਡਾ, ਤਿੰਨਾਂ ਵਿੱਚੋਂ ਦੋ ਧੀਆਂ ਅੱਖਾਂ ਤੋਂ ਵਿਹੂਣੀਆਂ ਤੇ ਉਨ੍ਹਾਂ ਤੋਂ ਵੱਡੀ ਧੀ ਨੂੰ ਸ਼ੂਗਰ ਦੀ ਭਿਆਨਕ ਬੀਮਾਰੀ ਕਿ ਹਰ ਰੋਜ਼ ਇਨਸੋਲਿਨ ਲੱਗਦੀ ਹੈ। ਪਰਿਵਾਰ ਦੇ ਮੁਖੀ ਮੁਖਤਿਆਰ ਸਿੰਘ ਦਾ ਦਿਲ ਦੀ ਬੀਮਾਰੀ ਕਾਰਨ ਦੇਹਾਂਤ ਹੋ ਗਿਆ। ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਆਪਣੀ ਸੁਰੀਲੀ ਆਵਾਜ਼ ਰਾਹੀਂ ਲੱਖਾਂ ਦਿਲਾਂ ਤੇ ਰਾਜ ਕਰਨ ਵਾਲੀਆਂ ਜਮਾਂਦਰੂ ਨੇਤਰਹੀਣ ਬੱਚੀਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਸਦਾ ਲਈ ਉੱਠ ਗਿਆ ਹੈ। ਅੱਜ ਪੂਰਾ ਪਿੰਡ ਭਾਵੁਕ ਹੈ ਅਤੇ ਇਨ੍ਹਾਂ ਮਾਸੂਮ ਬੱਚੀਆਂ ਦੇ ਹੰਝੂ ਪੂੰਝਣ ਲਈ ਦਾਨੀ ਸੱਜਣਾਂ ਅੱਗੇ ਮਦਦ ਦੀ ਅਪੀਲ ਕਰ ਰਿਹਾ ਹੈ। ਵੀਡੀਓ ਦੇਖ ਕੇ ਜਿਨ੍ਹਾਂ ਦੀ ਆਵਾਜ਼ ਨੇ ਸਭ ਨੂੰ ਮੋਹਿਆ, ਅੱਜ ਉਨ੍ਹਾਂ ਧੀਆਂ ਦਾ ਇੱਕੋ-ਇੱਕ ਸਹਾਰਾ ਖੋਹਿਆ ਹੁਣ ਇਸ ਨੂੰ ਕੁਦਰਤ ਦੀ ਮਾਰ ਆਖੀਏ ਜਾਂ ਕਿਸਮਤ ਦੀ ਬੇਰੁਖੀ ਕਿ ਕੁਝ ਦਿਨ ਪਹਿਲਾਂ ਹੀ ਜਿਸ ਪਿਤਾ ਨੇ ਬੜੇ ਮਾਣ ਨਾਲ ਆਪਣੀਆਂ ਬੇਟੀਆਂ ਦੀ ਸੰਗੀਤਕ ਪ੍ਰਤਿਭਾ ਨੂੰ ਦੁਨੀਆ ਸਾਹਮਣੇ ਰੱਖਿਆ ਸੀ, ਅੱਜ ਉਹ ਪਿਤਾ ਹੀ ਸਿਰ ’ਤੇ ਨਹੀਂ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਤਾ ਹੀ ਘਰ ਦਾ ਇੱਕੋ-ਇੱਕ ਸਹਾਰਾ ਸੀ। ਉਹ ਆਪਣੀਆਂ ਨੇਤਰਹੀਣ ਬੇਟੀਆਂ ਦੀ ਪੜ੍ਹਾਈ ਅਤੇ ਇਲਾਜ ਲਈ ਦਿਨ-ਰਾਤ ਇੱਕ ਕਰ ਰਿਹਾ ਸੀ। ਸਿਰਫ਼ ਇਹੀ ਨਹੀਂ, ਪਰਿਵਾਰ ’ਚ ਇੱਕ ਤੀਜੀ ਬੇਟੀ ਵੀ ਹੈ ਜੋ ਗੰਭੀਰ ਬਿਮਾਰੀ (ਸ਼ੂਗਰ) ਨਾਲ ਪੀੜਤ ਹੈ ਅਤੇ ਜਿਸ ਨੂੰ ਰੋਜ਼ਾਨਾ ਇੰਸੁਲਿਨ ਦੇ ਟੀਕੇ ਲੱਗਦੇ ਹਨ। ਪਿਤਾ ਦੀ ਅਣਖ ਇੰਨੀ ਸੀ ਕਿ ਉਸ ਨੇ ਬਿਮਾਰ ਬੇਟੀ ਨੂੰ ਕੈਮਰੇ ਸਾਹਮਣੇ ਲਿਆਉਣ ਤੋਂ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਉਸ ਦਾ ਮੰਨਣਾ ਸੀ ਕਿ ਉਹ ਖੁਦ ਮਿਹਨਤ ਕਰਕੇ ਆਪਣੀ ਧੀ ਦਾ ਇਲਾਜ ਕਰਵਾਉਣਗੇ ਅਤੇ ਕਿਸੇ ਅੱਗੇ ਹੱਥ ਨਹੀਂ ਫੈਲਾਉਣਗੇ। ਪਰ ਅਚਾਨਕ ਪਏ ਦਿਲ ਦੇ ਦੌਰੇ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ। ਫਿਰੋਜ਼ਪੁਰ ਫਾਊਂਡੇਸ਼ਨ ਪਰਿਵਾਰ ਨੂੰ ਕਰੇਗੀ ‘ਆਤਮ ਨਿਰਭਰ’ ਇਸ ਘਰ ਵਿੱਚ ਬੱਚੀਆਂ ਦੀ ਮਾਂ, ਤਿੰਨ ਧੀਆਂ ਤੇ ਇੱਕ ਛੋਟਾ ਬੇਟਾ ਰਹਿ ਗਏ ਹਨ। ਘਰ ਦੀ ਆਰਥਿਕ ਹਾਲਤ ਬੇਹੱਦ ਨਾਜ਼ੁਕ ਹੈ। ਇਸ ਮੌਕੇ ਪਰਿਵਾਰ ਦੀ ਮਦਦ ਲਈ ਇਲਾਕੇ ਦੀ ਸਮਾਜ ਸੇਵੀ ਸੰਸਥਾ ‘ਫਿਰੋਜ਼ਪੁਰ ਫਾਉਂਡੇਸ਼ਨ’ ਨੇ ਅੱਗੇ ਆ ਕੇ ਪਰਿਵਾਰ ਨੂੰ ਆਤਮ ਨਿਰਭਰ ਬਨਾਉਣ ਦੀ ਜਿੰਮੇਵਾਰੀ ਸਾਂਭੀ। ਸੰਸਥਾ ਦੇ ਮੁਖੀ ਸ਼ਲਿੰਦਰ ਕੁਮਾਰ ਬਬਲਾ ਨੇ ਦੱਸਿਆ ਕਿ ਲੈਕਚਰਾਰ ਸ਼ੈਲੀ ਕੰਬੋਜ ਨੇ ਉਨ੍ਹਾਂ ਨੂੰ ਪਰਿਵਾਰ ਦੀ ਹਾਲਤ ਸਬੰਧੀ ਜਾਣਕਾਰੀ ਦਿੰਦਿਆਂ ਮਦਦ ਕਰਨ ਲਈ ਆਖਿਆ ਸੀ। ਸੰਸਥਾ ਵੱਲੋਂ ਪਰਿਵਾਰ ਨੂੰ ਆਤਮ ਨਿਰਭਰ ਬਣਾਉਣ ਲਈ ਕਰਿਆਨੇ ਦੁਕਾਨ ਖੋਲ੍ਹ ਦਿੱਤੀ ਹੈ। ਇਹ ਲੋਕ ਖੁੱਦ ਹੀ ਦੁਕਾਨ ਵੀ ਚਲਾਉਣਗੇ ਤੇ ਹੌਲੀ-ਹੌਲੀ ਆਤਮ ਨਿਰਭਰ ਹੋ ਜਾਣਗੇ। ਸਮੂਹ ਦੇਸ਼-ਵਿਦੇਸ਼ ਵਿੱਚ ਬੈਠੀ ਸੰਗਤ ਤੇ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਨ੍ਹਾਂ ਮਾਸੂਮ ਬੱਚੀਆਂ ਦੇ ਸਿਰ ਤੇ ਹੱਥ ਰੱਖਿਆ ਜਾਵੇ।