ਵਾਰਡ-11 ਵਸਤੀ ਕਸ਼ਮੀਰ ਸਿੰਘ ਵਾਲੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ
ਵਾਰਡ ਨੰਬਰ 11 ਵਸਤੀ ਕਸ਼ਮੀਰ ਸਿੰਘ ਵਾਲੀ ਦੇ ਲੋਕ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜ਼ਬੂਰ
Publish Date: Tue, 26 May 2026 06:32 PM (IST)
Updated Date: Tue, 26 May 2026 06:34 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ: ਨਗਰ ਪੰਚਾਇਤ ਮਮਦੋਟ ਅਧੀਨ ਆਉਂਦੇ ਵਾਰਡ ਨੰਬਰ 11 ਬਸਤੀ ਕਸ਼ਮੀਰ ਸਿੰਘ ਵਾਲੀ ਦੇ ਵਸਨੀਕ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜ਼ਬੂਰ ਹਨ, ਕਿਉਂਕਿ ਪਿੰਡ ਦਾ ਸੀਵਰੇਜ ਜਾਮ ਹੋਣ ਕਾਰਨ, ਗਲੀਆਂ ਅਤੇ ਨਾਲੀਆਂ ਦਾ ਗੰਦਾ ਪਾਣੀ ਪਿੰਡ ਦੀ ਮੁੱਖ ਪੱਕੀ ਸੜਕ ’ਤੇ ਇਕੱਠਾ ਹੋ ਰਿਹਾ ਹੈ। ਜਿਸ ਕਾਰਨ ਪਿੰਡ ਦੀ ਮੇਨ ਸੜਕ ਖਰਾਬ ਹੋ ਚੁੱਕੀ ਹੈ। ਗੁਆਂਢੀ ਪਿੰਡ ਲੱਖਾ ਸਿੰਘ ਵਾਲਾ ਹਿਠਾੜ, ਬਸਤੀ ਜਸਕਰਨ ਸਿੰਘ ਵਾਲੀ, ਸਰਹੱਦ ’ਤੇ ਤਾਇਨਾਤ ਬੀਐੱਸਐੱਫ ਆਦਿ ਦੇ ਵਾਹਨਾਂ ਦਾ ਇੱਥੋ ਲੰਘਣਾ ਬਹੁਤ ਮੁਸ਼ਕਲ ਹੋ ਚੁੱਕਿਆ ਹੈ। ਇਸ ਸੜਕ ਤੋਂ ਲੰਘਣ ਵਾਲੇ ਸਕੂਲੀ ਬੱਚਿਆਂ, ਔਰਤਾਂ, ਬਜ਼ੁਰਗਾਂ ਦਾ ਵੀ ਲੰਘਣਾ ਬਹੁਤ ਮੁਸ਼ਕਲਾਂ ਹੋ ਰਿਹਾ ਹੈ। ਪਿੰਡ ਦੇ ਵਸਨੀਕ ਕਰਮਜੀਤ ਸਿੰਘ, ਪਰਮਜੀਤ ਸਿੰਘ, ਫੌਜਾ ਸਿੰਘ, ਬੋਹੜ ਸਿੰਘ, ਪਿੰਪਲ ਸਿੰਘ, ਸੁਰਿੰਦਰ ਸਿੰਘ, ਗੁਰਸ਼ਰਨ ਸਿੰਘ, ਸੋਨੂੰ ਸਿੰਘ, ਮੁਖਤਿਆਰ ਕੌਰ ਅਤੇ ਬਚਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਨਰਕ ਭੋਗ ਰਹੇ ਹਨ, ਸਾਡੇ ਵਾਰਡ ਦੇ ਕੌਂਸਲਰ, ਨਗਰ ਪੰਚਾਇਤ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਸਮੇਤ ਕਿਸੇ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ ਅਤੇ ਨਾਂ ਹੀ ਸਾਡੇ ਪਿੰਡ ਵਾਰਡ ਨੰਬਰ 11 ਦਾ ਕੋਈ ਵਿਕਾਸ ਨਹੀਂ ਹੋਇਆ ਹੈ। ਇੱਥੇ ਕਿਸੇ ਵੀ ਗਰੀਬ ਨੂੰ ਪੱਕਾ ਮਕਾਨ ਨਹੀਂ ਮਿਲਿਆ ਹੈ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਸਾਡੇ ਪਿੰਡ ਦਾ ਸੀਵਰੇਜ ਇਕ ਸਾਲ ਤੋਂ ਬੰਦ ਹੈ, ਕਿਉਂਕਿ ਪਾਣੀ ਦੀ ਨਿਕਾਸੀ ਕੋਈ ਛੱਪੜ ਨਹੀਂ ਬਣਿਆ ਹੋਇਆ ਹੈ ਜਿਸ ਕਾਰਨ ਗਲੀਆਂ ਅਤੇ ਨਾਲੀਆਂ ਦਾ ਪਾਣੀ ਓਵਰਫਲੋ ਹੋ ਕੇ ਮੁੱਖ ਸੜਕ ’ਤੇ ਇਕੱਠਾ ਹੋ ਰਿਹਾ ਹੈ। ਜਿਸ ਨਾਲ ਚਿੱਕੜ ਅਤੇ ਦਲਦਲੀ ਬਣ ਚੁੱਕੀ ਹੈ। ਜਿਸ ਦੇ ਚੱਲਦਿਆ ਇਸ ਸੜਕ ਤੋਂ ਲੰਘਣਾ ਬਹੁਤ ਮੁਸ਼ਕਲ ਹੈ। ਇਸ ਸੜਕ ਤੋਂ ਲੰਘਣ ਵਾਲੇ ਗੁਆਂਢੀ ਪਿੰਡ ਲੱਖਾ ਸਿੰਘ ਵਾਲਾ ਹਿਠਾੜ, ਬਸਤੀ ਜਸਕਰਨ ਸਿੰਘ, ਬੀਐੱਸਐੱਫ ਚੈੱਕ ਪੋਸਟ ਜੱਲੋਕੇ, ਬੀਐੱਸਐੱਫ ਚੈੱਕ ਪੋਸਟ ਲੱਖਾ ਸਿੰਘ ਵਾਲਾ ਹਿਠਾੜ ਦੇ ਬੀਐੱਸਐੱਫ ਜਵਾਨਾਂ ਬੀਐੱਸਐੱਫ ਦੇ ਵਾਹਨਾਂ ਆਦਿ ਨੂੰ ਇਸ ਸੜਕ ਲੰਘਣ ਸਮੇ ਬਹੁਤ ਮੁਸ਼ਕਲ ਹੋ ਰਹੀ ਹੈ। ਇਸ ਸੜਕ ਤੋਂ ਲੰਘਣ ਵਾਲਾ ਹਰ ਵਾਹਨ ਚਿੱਕੜ ਤੇ ਦਲਦਲ ਵਿਚ ਫਸ ਜਾਂਦਾ ਹੈ। ਇਸ ਸਮੱਸਿਆ ਸਬੰਧੀ ਨਗਰ ਪੰਚਾਇਤ ਮਮਦੋਟ ਦੇ ਕਾਰਜ ਸਾਧਕ ਅਫਸਰ ਜਗਦੀਸ਼ ਰਾਏ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਚੋਣ ਡਿਊਟੀ ’ਤੇ ਤੈਨਾਤ ਹਨ। ਉਨ੍ਹਾਂ ਦੇ ਧਿਆਨ ਦੇ ਵਿਚ ਇਹ ਸਮੱਸਿਆ ਨਹੀਂ ਆਈ ਹੈ। ਇਹ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਹ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਵਾ ਦੇਣਗੇ।