Ferozepur : ਚੋਣ ਮੁਲਾਜ਼ਮਾਂ ਨੂੰ ਗੈਰ-ਹਾਜ਼ਰ ਕਰਨ ਦਾ ਮਾਮਲਾ ਗਰਮਾਇਆ, ਅਧਿਆਪਕਾਂ ਅਤੇ SDM ਵਿਚਾਲੇ ਤਕਰਾਰ
ਬੀਤੇ ਕਈ ਦਿਨਾਂ ਤੋਂ ਵਿਵਾਦਾਂ ਵਿਚ ਚੱਲ ਰਹੇ ਐੱਸਡੀਐੱਮ ਫ਼ਿਰੋਜ਼ਪੁਰ ਇਕ ਵਾਰੀ ਫਿਰ ਉਸ ਵੇਲੇ ਚਰਚਾ ਵਿਚ ਆ ਗਏ ਜਦੋਂ ਸਥਾਨਕ ਮਨੋਹਰ ਲਾਲ ਮੈਮੋਰੀਅਲ ਸਕੂਲ ਵਿਚ ਚੋਣ ਡਿਊਟੀ ਲਈ ਤਾਇਨਾਤ ਰਿਜ਼ਰਵ ਸਟਾਫ ਦੇ ਅਧਿਆਪਕਾਂ ਵੱਲੋਂ ਐੱਸਡੀਐੱਮ ਅਤੇ ਉਸਦੀ ਟੀਮ ਖ਼ਿਲਾਫ਼ ਭੁੱਖੇ ਪਿਆਸੇ ਡਿਊਟੀ ਕਰਵਾਉਣ ਅਤੇ ਐੱਫ ਆਈ ਆਰ ਦਰਜ ਕਰਵਾਉਣ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ । ਸਵੇਰੇ 7 ਵਜੇ ਤੋਂ ਬਿਨਾਂ ਖਾਣੇ-ਪਾਣੀ ਦੇ ਬੈਠੇ ਟੀਚਰਾਂ ਦਾ ਦੋਸ਼ ਹੈ ਕਿ ਹਾਜ਼ਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗੈਰ-ਹਾਜ਼ਰ (ਐਬਸੈਂਟ) ਦਿਖਾ ਕੇ ਐੱਫਆਈਆਰ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਚੋਣ ਪ੍ਰਕਿਰਿਆ ਦੌਰਾਨ ਫ਼ਿਰੋਜ਼ਪੁਰ ਤੋਂ ਪ੍ਰਸ਼ਾਸਨਿਕ ਅਣ
Publish Date: Tue, 26 May 2026 01:37 PM (IST)
Updated Date: Tue, 26 May 2026 01:39 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਬੀਤੇ ਕਈ ਦਿਨਾਂ ਤੋਂ ਵਿਵਾਦਾਂ ਵਿਚ ਚੱਲ ਰਹੇ ਐੱਸਡੀਐੱਮ ਫ਼ਿਰੋਜ਼ਪੁਰ ਇਕ ਵਾਰੀ ਫਿਰ ਉਸ ਵੇਲੇ ਚਰਚਾ ਵਿਚ ਆ ਗਏ ਜਦੋਂ ਸਥਾਨਕ ਮਨੋਹਰ ਲਾਲ ਮੈਮੋਰੀਅਲ ਸਕੂਲ ਵਿਚ ਚੋਣ ਡਿਊਟੀ ਲਈ ਤਾਇਨਾਤ ਰਿਜ਼ਰਵ ਸਟਾਫ ਦੇ ਅਧਿਆਪਕਾਂ ਵੱਲੋਂ ਐੱਸਡੀਐੱਮ ਅਤੇ ਉਸਦੀ ਟੀਮ ਖ਼ਿਲਾਫ਼ ਭੁੱਖੇ ਪਿਆਸੇ ਡਿਊਟੀ ਕਰਵਾਉਣ ਅਤੇ ਐੱਫ ਆਈ ਆਰ ਦਰਜ ਕਰਵਾਉਣ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ । ਸਵੇਰੇ 7 ਵਜੇ ਤੋਂ ਬਿਨਾਂ ਖਾਣੇ-ਪਾਣੀ ਦੇ ਬੈਠੇ ਟੀਚਰਾਂ ਦਾ ਦੋਸ਼ ਹੈ ਕਿ ਹਾਜ਼ਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗੈਰ-ਹਾਜ਼ਰ (ਐਬਸੈਂਟ) ਦਿਖਾ ਕੇ ਐੱਫਆਈਆਰ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਚੋਣ ਪ੍ਰਕਿਰਿਆ ਦੌਰਾਨ ਫ਼ਿਰੋਜ਼ਪੁਰ ਤੋਂ ਪ੍ਰਸ਼ਾਸਨਿਕ ਅਣਗਹਿਲੀ ਅਤੇ ਮੁਲਾਜ਼ਮਾਂ ਦੀ ਖ਼ਰਾਬ ਹਾਲਤ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਮਨੋਹਰ ਲਾਲ ਮੈਮੋਰੀਅਲ ਸਕੂਲ ਵਿਚ ਤਾਇਨਾਤ ਕੀਤੇ ਗਏ ਰਿਜ਼ਰਵ ਚੋਣ ਸਟਾਫ, ਜਿਸ ਵਿਚ ਵੱਡੀ ਗਿਣਤੀ ਵਿੱਚ ਸਕੂਲ ਅਧਿਆਪਕ ਸ਼ਾਮਲ ਹਨ, ਨੇ ਪ੍ਰਸ਼ਾਸਨ ’ਤੇ ਮਾਨਸਿਕ ਤੌਰ ’ਤੇ ਪਰੇਸ਼ਾਨ (ਹਰਾਸ) ਕਰਨ ਅਤੇ ਬਿਨਾਂ ਕਿਸੇ ਬੁਨਿਆਦੀ ਸਹੂਲਤ ਦੇ ਬਿਠਾ ਕੇ ਰੱਖਣ ਦੇ ਗੰਭੀਰ ਦੋਸ਼ ਲਗਾਏ ਹਨ। ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਹੀ ਡਿਊਟੀ ’ਤੇ ਬੁਲਾ ਲਿਆ ਗਿਆ ਸੀ, ਪਰ ਉੱਥੇ ਉਨ੍ਹਾਂ ਲਈ ਪੀਣ ਵਾਲੇ ਪਾਣੀ ਅਤੇ ਨਾਸ਼ਤੇ ਦਾ ਕੋਈ ਪ੍ਰਬੰਧ ਨਹੀਂ ਸੀ।
ਇਕ ਮਹਿਲਾ ਅਧਿਆਪਕ ਨੇ ਕਿਹਾ ਅਸੀਂ ਸਵੇਰ ਦੇ ਭੁੱਖੇ-ਪਿਆਸੇ ਬੈਠੇ ਹਾਂ। ਜਦੋਂ ਮੀਡੀਆ ਮੌਕੇ ’ਤੇ ਪਹੁੰਚਿਆ, ਤਾਂ ਸਾਨੂੰ 10.20 ਤੋਂ 11.20 ਦੇ ਵਿਚਕਾਰ ਮੈਸੇਜ ਭੇਜ ਕੇ ਕਿਹਾ ਗਿਆ ਕਿ ਤੁਸੀਂ ਘਰੋਂ ਨਾਸ਼ਤਾ ਕਰਕੇ ਆ ਜਾਓ। ਇੰਨੀ ਦੂਰੋਂ ਅਸੀਂ ਵਾਪਸ ਘਰ ਕਿਵੇਂ ਜਾਈਏ? ਅਸੀਂ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਸੀ ਕਿ ਸਾਡੇ ਕੋਲੋਂ ਪੈਸੇ ਲੈ ਲਵੋ ਪਰ ਇੱਥੇ ਹੀ ਖਾਣੇ ਦਾ ਪ੍ਰਬੰਧ ਕਰਵਾ ਦਿਓ, ਪਰ ਕੋਈ ਸੁਣਵਾਈ ਨਹੀਂ ਹੋਈ। ਅਧਿਆਪਕਾਂ ਦਾ ਗੁੱਸਾ ਉਦੋਂ ਹੋਰ ਵੱਧ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲਗਾਤਾਰ ਹਾਜ਼ਰ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਡਿਫਾਲਟਰਾਂ ਦੀ ਸੂਚੀ ਵਿਚ ਪਾ ਕੇ ‘ਐਬਸੈਂਟ’ ਘੋਸ਼ਿਤ ਕੀਤਾ ਜਾ ਰਿਹਾ ਹੈ। ਟੀਚਰਾਂ ਨੇ ਦੱਸਿਆ ਕਿ ਕਈ ਮੁਲਾਜ਼ਮਾਂ ਦੀਆਂ ਦੋ-ਦੋ ਜਗ੍ਹਾ (ਚੋਣ ਅਤੇ ਜਨਗਣਨਾ/ਸੈਂਸਸ) ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਅਧਿਆਪਕਾਂ ’ਤੇ ਐੱਫਆਈਆਰ ਦਰਜ ਕਰਨ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਕਿ ਸਰਾਸਰ ਬੇਇਨਸਾਫ਼ੀ ਹੈ।
ਡਿਊਟੀ ’ਤੇ ਮੌਜ਼ੂਦ ਇਕ ਜ਼ਖ਼ਮੀ ਅਧਿਆਪਕ, ਜਿਸ ਨੂੰ ਡਾਕਟਰ ਨੇ ਆਰਾਮ ਦੀ ਸਲਾਹ ਦਿੱਤੀ ਸੀ, ਨੇ ਦੱਸਿਆ ਕਿ ਉਹ ਸੱਟ ਲੱਗੀ ਹੋਣ ਦੇ ਬਾਵਜੂਦ ਕੱਲ੍ਹ ਤੋਂ ਲਗਾਤਾਰ ਡਿਊਟੀ ’ਤੇ ਬੈਠਾ ਹੈ, ਪਰ ਪ੍ਰਸ਼ਾਸਨ ਦਾ ਵਤੀਰਾ ਬੇਹੱਦ ਅੜੀਅਲ ਹੈ। ਦੂਜੇ ਪਾਸੇ, ਇਨ੍ਹਾਂ ਦੋਸ਼ਾਂ ’ਤੇ ਸਫ਼ਾਈ ਦਿੰਦਿਆਂ ਰਿਟਰਨਿੰਗ ਅਫ਼ਸਰ ਕੰਮ ਐੱਸਡੀਐੱਮ ਨੇ ਅਧਿਆਪਕਾਂ ਦੇ ਸਾਰੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਿਜ਼ਰਵ ਸਟਾਫ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਜਾਂ ਪੋਲਿੰਗ ਅਫ਼ਸਰ ਦੀ ਤਬੀਅਤ ਖ਼ਰਾਬ ਹੋਣ ’ਤੇ ਤੁਰੰਤ ਰਿਪਲੇਸਮੈਂਟ ਲਈ ਤਿਆਰ ਰੱਖਣਾ ਪੈਂਦਾ ਹੈ। ਅੱਜ ਸਵੇਰੇ ਵੀ ਅਸੀਂ ਕਈ ਥਾਵਾਂ ’ਤੇ ਰਿਜ਼ਰਵ ਸਟਾਫ ਭੇਜਿਆ ਹੈ। ਐੱਫਆਈਆਰ ਅਤੇ ਮਾੜੇ ਵਤੀਰੇ ਦੇ ਦੋਸ਼ਾਂ ’ਤੇ ਬੋਲਦਿਆਂ ਐੱਸਡੀਐੱਮ ਨੇ ਕਿਹਾ ਕਿ ਕਿਸੇ ਵੀ ਹਾਜ਼ਰ ਮੁਲਾਜ਼ਮ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਿਰਫ਼ ਉਨ੍ਹਾਂ ਲੋਕਾਂ ਦੀਆਂ ਸੂਚੀਆਂ ਬਣ ਰਹੀਆਂ ਹਨ ਜੋ ਵਾਕਈ ਡਿਊਟੀ ਤੋਂ ਗੈਰ-ਹਾਜ਼ਰ ਹਨ। ਪਾਣੀ ਦੀ ਕਿੱਲਤ ਬਾਰੇ ਉਨ੍ਹਾਂ ਕਿਹਾ ਕਿ ਸਕੂਲ ਵਿਚ ਆਰਓ ਦਾ ਠੰਡਾ ਪਾਣੀ ਚੱਲ ਰਿਹਾ ਹੈ, ਜਿਸ ਨੂੰ ਸਾਰੇ ਪੀ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਨੂੰ ਦੁਪਹਿਰ ਵੇਲੇ ਖਾਣੇ ਲਈ ਇਕ ਘੰਟੇ ਦੀ ਛੋਟ ਦਿੱਤੀ ਜਾਵੇਗੀ ਅਤੇ ਪ੍ਰਸ਼ਾਸਨ ਨਿਯਮਾਂ ਦੇ ਤਹਿਤ ਹੀ ਆਪਣੀ ਡਿਊਟੀ ਨਿਭਾ ਰਿਹਾ ਹੈ।