14 ਤੱਕ ਮਨਾ ਰਿਹਾ ਹੈ ਵਿਸ਼ਵ ਗਲੋਕੋਮਾ ਹਫ਼ਤਾ : ਡਾ. ਕਵਿਤਾ ਸਿੰਘ
ਸਿਹਤ ਵਿਭਾਗ 8 ਤੋਂ 14 ਮਾਰਚ ਤੱਕ ਮਨਾ ਰਿਹਾ ਹੈ ਵਿਸ਼ਵ ਗਲੋਕੋਮਾ ਹਫ਼ਤਾ: ਡਾ.ਕਵਿਤਾ ਸਿੰਘ।
Publish Date: Tue, 10 Mar 2026 06:25 PM (IST)
Updated Date: Tue, 10 Mar 2026 06:27 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫ਼ਾਜ਼ਿਲਕਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ.ਕਵਿਤਾ ਸਿੰਘ ਸਿਵਲ ਸਰਜਨ ਫਾਜਿਲਕਾ ਦੀ ਉਚੇਚੀ ਨਿਗਰਾਨੀ ਵਿਚ ਡਾ ਲਵਲੀ ਕਾਂਸਲ ਅੱਖਾਂ ਦੇ ਰੋਗਾਂ ਦੇ ਮਾਹਿਰ ਦੀ ਦੇਖ ਰੇਖ ਵਿੱਚ ਅੱਜ ਕਾਲਾ ਮੋਤੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਸਮਾਗਮ ਮਾਂ ਸਰਸਵਤੀ ਕਾਲਜ ਆਫ਼ ਫਾਰਮੇਸੀ ਐਂਡ ਨਰਸਿੰਗ ਅਬੋਹਰ ਵਿਖੇ ਕੀਤਾ ਗਿਆ। ਇਸ ਮੌਕੇ ਚੇਅਰਮੈਨ ਡਾ. ਮਨੋਜ ਕੌਸ਼ਲ, ਜਨਰਲ ਸੈਕਟਰੀ ਵਿਵੇਕ ਕੌਸ਼ਲ, ਪ੍ਰਿੰਸੀਪਲ ਸੰਜੇ ਹੁੱਡਾ, ਕੈਂਪਸ ਡਾਇਰੈਕਟਰ ਗੁਲਸ਼ਨ ਬਘਲਾ, ਅਧਿਆਪਿਕ, ਮਾਸ ਮੀਡੀਆ ਤੋਂ ਵਿਨੋਦ ਖੁਰਾਣਾ ਦਿਵਸ਼ ਕੁਮਾਰ, ਪੂਜਾ, ਬਲਜਿੰਦਰ ਕੌਰ, ਟਹਿਲ ਸਿੰਘ, ਪਰਮਜੀਤ ਸਿੰਘ, ਜਗਦੀਸ਼ ਕੁਮਾਰ ਅਤੇ ਅਮਨਦੀਪ ਸਿੰਘ ਹਾਜ਼ਰ ਸਨ। ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 8 ਤੋਂ 14 ਮਾਰਚ ਤੱਕ ਗਲੋਕੋਮਾ ਮੁਕਤ ਸੰਸਾਰ ਲਈ ਇੱਕਜੁੱਟ ਹੋਈਏ ਸਲੋਗਨ ਤਹਿਤ ਵਿਸ਼ਵ ਗਲੋਕੋਮਾ ਹਫਤਾ ਮਨਾਇਆ ਜਾ ਰਿਹਾ ਹੈ। ਵਿਨੋਦ ਖੁਰਾਣਾ ਨੇ ਦੱਸਿਆ ਕਿ ਗਲੋਕੋਮਾ ਦਾ ਇਲਾਜ ਸਫ਼ਲ ਤਰੀਕੇ ਨਾਲ ਹੋ ਸਕਦਾ ਹੈ ਜੇਕਰ ਇਸ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਹੋ ਸਕੇ। ਅਪ੍ਰੇਸ਼ਨ ਕਰਕੇ ਨਜ਼ਰ ਦਾ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਨੀਮ ਹਕੀਮਾਂ ਤੋ ਕਦੇ ਵੀ ਦਵਾਈ ਲੈ ਕੇ ਅੱਖਾਂ ਵਿਚ ਨਹੀਂ ਪਾਉਣੀ ਚਾਹੀਦੀ। ਉਹਨਾਂ ਗਲੋਕੋਮਾ ਦੇ ਲੱਛਣਾਂ ਬਾਰੇ ਦੱਸਿਆ ਕਿ ਜੇਕਰ ਸਧਾਰਣ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਣ ਵਾਲੀਆਂ ਐਨਕਾਂ ਦਾ ਨੰਬਰ ਵਾਰ ਵਾਰ ਬਦਲਣਾ, ਰੋਸ਼ਨੀ ਦੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਸ਼ਿਟੀ ਦੀ ਆਚਾਨਕ ਨੁਕਸਾਨ, ਦ੍ਰਸ਼ਿਟੀ ਦੇ ਖੇਤਰ ਦਾ ਸੀਮਤ ਹੋਣਾ ਅਜਿਹੀਆਂ ਨਿਸ਼ਾਨੀਆਂ ਹੋਣ ਤਾ ਸਾਨੂੰ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ । ਹਰੇਕ ਇਨਸਾਨ ਨੂੰ ਛੇ ਮਹੀਨੇ ਬਾਅਦ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਉਦੇ ਰਹਿਣਾ ਚਾਹੀਦਾ ਹੈ ਅਤੇ ਜ਼ਿਆਦਾ ਧੁੱਪ ਵਿੱਚ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਦੇਸ਼ ਵਿੱਚੋਂ ਅੰਨ੍ਹਾਪਣ ਦੂਰ ਕਰਨ ਲਈ ਸਾਨੂੰ ਅੱਖਾਂ ਦੀ ਸੰਭਾਲ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ।