ਆਤਮਾ ਦਾ ਪ੍ਰਮਾਤਮਾ ਨਾਲ ਮਿਲਾਪ ਹੈ ‘ਰਾਜਲੀਲ੍ਹਾ’ : ਸਵਾਮੀ ਵਿਗਿਆਨੰਦ
ਭਗਵਾਨ ਦੇ ਨਾਮ ਜਪ ਦੀ ਮਹਿਮਾ ਅਤੇ ਗੋਸਵਾਮੀ ਤੁਲਸੀਦਾਸ ਜੀ ਦਾ ਪ੍ਰਸੰਗ
Publish Date: Mon, 27 Apr 2026 04:35 PM (IST)
Updated Date: Mon, 27 Apr 2026 04:37 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ੍ਰੀ ਸਨਾਤਨ ਧਰਮ ਸਭਾ ਮਹਾਵੀਰ ਦਲ ਮੰਦਰ ਵਿਚ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਵਿਚ ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਸਵਾਮੀ ਵਿਗਿਆਨੰਦ ਨੇ ਆਪਣੇ ਉਪਦੇਸ਼ ਵਿਚ ਭਗਵਾਨ ਦੇ ਨਾਮ ਜਪ ਦੀ ਮਹਿਮਾ ਦਾ ਗੁਣਗਾਨ ਕੀਤਾ। ਉਨ੍ਹਾਂ ਦੱਸਿਆ ਕਿ ਭਗਵਾਨ ਨਾਲੋਂ ਵੱਡਾ ਭਗਵਾਨ ਦਾ ਨਾਮ ਹੈ। ਨਾਮ ਜਪ ਕਰਨ ਅਤੇ ਭਗਵਾਨ ਦੀ ਕਥਾ ਸੁਣਨ ਨਾਲ ਮਨੁੱਖ ਨੂੰ ਪ੍ਰਭੂ ਨਾਲ ਪ੍ਰੇਮ ਹੋ ਜਾਂਦਾ ਹੈ ਅਤੇ ਭਗਵਾਨ ਨਾਲ ਪ੍ਰੇਮ ਹੋਣ ਕਰਕੇ ਉਸ ਦਾ ਮਨ, ਸਰੀਰ ਅਤੇ ਸੰਸਾਰਿਕ ਮੋਹ-ਮਾਇਆ ਵੱਲ ਨਹੀਂ ਭੱਜਦਾ, ਜਿਸ ਨਾਲ ਉਸ ਨੂੰ ਆਸਾਨੀ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਨਾਮ ਜਪ ਅਤੇ ਕਥਾ ਸੁਣਨ ਨਾਲ ਮਨੁੱਖ ਦਾ ਅਗਿਆਨ ਵੀ ਦੂਰ ਹੋ ਜਾਂਦਾ ਹੈ ਅਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਨੇ ਗੋਸਵਾਮੀ ਤੁਲਸੀਦਾਸ ਜੀ ਦਾ ਪ੍ਰਸੰਗ ਵਿਸਥਾਰ ਨਾਲ ਸੁਣਾਉਂਦੇ ਹੋਏ ਦੱਸਿਆ ਕਿ ਗੋਸਵਾਮੀ ਜੀ ਦੀ ਪ੍ਰੀਤੀ ਆਪਣੀ ਧਰਮ ਪਤਨੀ ਪ੍ਰਤੀ ਬਹੁਤ ਜ਼ਿਆਦਾ ਸੀ, ਜਦੋਂ ਕਿ ਉਹ ਭਗਵਾਨ ਦੀ ਸੱਚੀ ਭਗਤ ਸੀ। ਉਨ੍ਹਾਂ ਨੇ ਗੋਸਵਾਮੀ ਜੀ ਦੀ ਬਹੁਤ ਜ਼ਿਆਦਾ ਆਸਕਤੀ ਨੂੰ ਦੇਖਦੇ ਹੋਏ ਫਿਟਕਾਰ ਲਗਾਈ ਕਿ ਜਿੰਨਾ ਪ੍ਰੇਮ ਤੁਸੀਂ ਮੇਰੀ ਇਸ ਹੱਡ-ਮਾਸ ਦੀ ਨਾਸ਼ਵਾਨ ਦੇਹ ਨਾਲ ਕਰਦੇ ਹੋ, ਜੇਕਰ ਉਨਾ ਪ੍ਰੇਮ ਤੁਸੀਂ ਭਗਵਾਨ ਰਾਮ ਨਾਲ ਕਰੋ, ਤਾਂ ਤੁਸੀਂ ਜੀਵਨ ਦੇ ਅਸਲ ਉਦੇਸ਼ ਭਾਵ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹੋ। ਇਸ ਫਿਟਕਾਰ ਤੋਂ ਬਾਅਦ ਗੋਸਵਾਮੀ ਜੀ ਨੇ ਘਰ-ਪਰਿਵਾਰ ਸਭ ਕੁਝ ਛੱਡ ਕੇ ਭਗਵਾਨ ਰਾਮ ਜੀ ਦੀ ਭਗਤੀ ਵਿਚ ਲੀਨ ਹੋ ਗਏ ਅਤੇ ਉਨ੍ਹਾਂ ਨੂੰ ਭਗਵਾਨ ਦੀ ਪ੍ਰਾਪਤੀ ਹੋਈ। ਮਹਾਰਾਜ ਜੀ ਨੇ ਸੱਚੀ ਭਗਤੀ ਦੇ ਸੰਦਰਭ ਵਿਚ ਮੀਰਾ ਬਾਈ ਦੀ ਭਗਤੀ ਦੀ ਉਦਾਹਰਣ ਵੀ ਦਿੱਤੀ। ਮਹਾਰਾਜ ਜੀ ਨੇ ਸ੍ਰੀ ਕ੍ਰਿਸ਼ਨ ਰਾਸਲੀਲਾ ਦਾ ਪ੍ਰਸੰਗ ਸੁਣਾਉਂਦੇ ਹੋਏ ਦੱਸਿਆ ਕਿ ‘ਚੀਰ ਹਰਨ’ ਦਾ ਭਾਵ ਜੀਵ ਦੇ ਅਗਿਆਨ ਅਤੇ ਅਵਿਦਿਆ ਦਾ ਹਰਨ ਕਰਨਾ ਹੈ। ਪ੍ਰਭੂ ਨੇ ਗੋਪੀਆਂ ਦੇ ਅਗਿਆਨ ਦਾ ਹਰਨ ਕਰਕੇ, ਕਾਮ-ਵਾਸਨਾ ਨੂੰ ਜਿੱਤਣ ਅਤੇ ਸੰਸਾਰਿਕ ਇੰਦਰੀਆਂ ਤੋਂ ਮੁਕਤ ਹੋ ਕੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਦੱਸਿਆ। ਮਹਾਰਾਜ ਜੀ ਨੇ ਸਪੱਸ਼ਟ ਕੀਤਾ ਕਿ ਰਾਸਲੀਲਾ ਦਾ ਅਰਥ ਇਸਤਰੀ-ਪੁਰਸ਼ ਦਾ ਮਿਲਾਪ ਨਹੀਂ, ਸਗੋਂ ਇਹ ਆਤਮਾ ਦਾ ਪ੍ਰਮਾਤਮਾ ਨਾਲ ਮਿਲਾਪ ਹੈ। ਰਾਸਲੀਲਾ ਵਿਚ ਭਗਵਾਨ ਸ਼ੰਕਰ ਜੀ ਆਏ ਅਤੇ ‘ਗੋਪੇਸ਼ਵਰ ਮਹਾਦੇਵ’ ਦੇ ਨਾਮ ਨਾਲ ਪ੍ਰਸਿੱਧ ਹੋਏ। ਸ੍ਰੀ ਕ੍ਰਿਸ਼ਨ-ਰੁਕਮਣੀ ਵਿਆਹ ਦਾ ਪ੍ਰਸੰਗ ਸੁਣਾਇਆ ਗਿਆ ਅਤੇ ਕ੍ਰਿਸ਼ਨ ਜੀ ਦੀਆਂ ਕਈ ਬਾਲ ਲੀਲਾਵਾਂ ਦਾ ਵਰਣਨ ਹੋਇਆ। ਮਹਾਰਾਜ ਜੀ ਨੇ ਗੀਤਾ ਪ੍ਰਚਾਰ ਸਭਾ ਦੇ ਅਹੁਦੇਦਾਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਉਨ੍ਹਾਂ ਦੇ ਉਤਸ਼ਾਹ ਵਿਚ ਵਾਧਾ ਕਰਦਿਆਂ ਸਨਮਾਨਿਤ ਕੀਤਾ। ਸਾਰੇ ਸਰੋਤੇ ਕਥਾ ਸੁਣ ਕੇ ਮੰਤਰ-ਮੁਗਧ ਹੋ ਗਏ। ਮਹਾਰਾਜ ਜੀ ਦੇ ਨਾਲ ਸੇਵਕ ਹਰਕੇਸ਼ ਬ੍ਰਹਮਚਾਰੀ, ਹਰਿਹਰ ਬ੍ਰਹਮਚਾਰੀ, ਮੁਨੀ ਰਾਮ, ਵਿਨੋਦ ਸ਼ਾਸਤਰੀ, ਰਾਮਵੀਰ ਆਦਿ ਮੌਜ਼ੂਦ ਸਨ।