ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਸਮੇਤ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨਤੀਜਿਆਂ ਦੀ ਉਡੀਕ ਵਿੱਚ
ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਸਿਆਸੀ ਗਰਮੀ ਚਰਮ ’ਤੇ ਰਹੀ। ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਹੁਣ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਹਾਰ-ਜਿੱਤ ਈਵੀਐਮ ਮਸ਼ੀਨਾਂ ਅਤੇ ਬੈਲਟ ਬਕਸਿਆਂ ਵਿੱਚ ਕੈਦ ਹੋ ਚੁੱਕੀ ਹੈ।
Publish Date: Wed, 27 May 2026 07:02 PM (IST)
Updated Date: Wed, 27 May 2026 07:04 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ, ਫਾਜ਼ਿਲਕਾ : ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਸਿਆਸੀ ਗਰਮੀ ਚਰਮ ’ਤੇ ਰਹੀ। ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਹੁਣ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਹਾਰ-ਜਿੱਤ ਈਵੀਐਮ ਮਸ਼ੀਨਾਂ ਅਤੇ ਬੈਲਟ ਬਕਸਿਆਂ ਵਿੱਚ ਕੈਦ ਹੋ ਚੁੱਕੀ ਹੈ। ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦੀ ਧੜਕਣ ਤੇਜ਼ ਹੈ ਅਤੇ ਹਰ ਕੋਈ 29 ਮਈ ਨੂੰ ਆਉਣ ਵਾਲੇ ਫੈਸਲੇ ਦੀ ਉਡੀਕ ਕਰ ਰਿਹਾ ਹੈ। ਵੋਟਿੰਗ ਦੌਰਾਨ ਕਈ ਵਾਰਡਾਂ ਵਿੱਚ ਭਾਰੀ ਮੁਕਾਬਲਾ ਵੇਖਣ ਨੂੰ ਮਿਲਿਆ। ਸੱਤਾਧਾਰੀ ਧਿਰ ਤੋਂ ਲੈ ਕੇ ਵਿਰੋਧੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਤੱਕ ਹਰ ਕੋਈ ਆਪਣੀ ਜਿੱਤ ਦੇ ਦਾਅਵੇ ਕਰਦਾ ਨਜ਼ਰ ਆਇਆ। ਸ਼ਹਿਰ ਦੀਆਂ ਗਲੀਆਂ, ਚੌਰਾਹਿਆਂ ਅਤੇ ਚਾਹ ਦੀਆਂ ਦੁਕਾਨਾਂ ’ਤੇ ਹੁਣ ਸਿਰਫ ਇੱਕੋ ਗੱਲ ਚਰਚਾ ਦਾ ਕੇਂਦਰ ਬਣੀ ਹੋਈ ਹੈ ਕਿ ਆਖ਼ਿਰ ਲੋਕਾਂ ਨੇ ਕਿਸ ਦੇ ਹੱਕ ’ਚ ਫੈਸਲਾ ਸੁਣਾਇਆ ਹੈ। ਕਈ ਵਾਰਡਾਂ ਵਿੱਚ ਤਿਕੋਣੇ ਅਤੇ ਚੌਰੰਗੇ ਮੁਕਾਬਲੇ ਨੇ ਉਮੀਦਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਚੋਣ ਪ੍ਰਚਾਰ ਦੌਰਾਨ ਵੱਡੇ ਵਾਅਦੇ ਕਰਨ ਵਾਲੇ ਨੇਤਾ ਹੁਣ ਵੋਟਰਾਂ ਦੇ ਫੈਸਲੇ ਨੂੰ ਲੈ ਕੇ ਗਣਿਤ ਬਿਠਾਉਣ ਵਿੱਚ ਲੱਗੇ ਹੋਏ ਹਨ। ਦੂਜੇ ਪਾਸੇ ਹਾਰ ਦੇ ਡਰ ਕਾਰਨ ਕਈ ਉਮੀਦਵਾਰਾਂ ਦੇ ਚਿਹਰਿਆਂ ਤੋਂ ਰੌਣਕ ਵੀ ਗਾਇਬ ਦਿਖਾਈ ਦੇ ਰਹੀ ਹੈ। ਚੋਣਾਂ ਦੌਰਾਨ ਕੁਝ ਥਾਵਾਂ ’ਤੇ ਹਲਕੀਆਂ ਤਕਰਾਰਾਂ ਅਤੇ ਤਿੱਖੀ ਬਿਆਨਬਾਜ਼ੀ ਵੀ ਸਾਹਮਣੇ ਆਈ, ਪਰ ਕੁੱਲ ਮਿਲਾ ਕੇ ਮਾਹੌਲ ਸ਼ਾਂਤਮਈ ਰਿਹਾ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਵੋਟਿੰਗ ਪ੍ਰਕਿਰਿਆ ਸੁਚੱਜੇ ਢੰਗ ਨਾਲ ਮੁਕੰਮਲ ਹੋ ਸਕੇ। ਹੁਣ ਸਾਰੇ ਉਮੀਦਵਾਰਾਂ ਦੀ ਨਜ਼ਰ 29 ਮਈ ’ਤੇ ਟਿਕੀ ਹੋਈ ਹੈ, ਜਦੋਂ ਗਿਣਤੀ ਕੇਂਦਰਾਂ ’ਚ ਬਕਸੇ ਖੁੱਲਣਗੇ ਅਤੇ ਇਹ ਤੈਅ ਹੋਵੇਗਾ ਕਿ ਨਗਰ ਕੌਂਸਲ ਦੀ ਕੁਰਸੀ ’ਤੇ ਕੌਣ ਕਾਬਜ਼ ਹੋਵੇਗਾ। ਕਿਸੇ ਲਈ ਇਹ ਦਿਨ ਸਿਆਸੀ ਉਡਾਣ ਲਿਆਵੇਗਾ ਤਾਂ ਕਿਸੇ ਦੇ ਸੁਪਨੇ ਟੁੱਟਣਗੇ। ਪਰ ਇਕ ਗੱਲ ਸਾਫ਼ ਹੈ ਕਿ ਲੋਕਤੰਤਰ ਦੇ ਇਸ ਮਹਾਂਮੰਥਨ ਦਾ ਅਸਲੀ ਫੈਸਲਾ ਹੁਣ ਜਨਤਾ ਦੇ ਵੋਟਾਂ ਵਿੱਚ ਕੈਦ ਹੈ।