ਸਟ੍ਰੀਟ ਲਾਈਟਾਂ ਨਾਲ ਜਗਮਗ ਗੁਰਦੁਆਰਾ ਸਾਹਿਬ ਦਾ ਚੌਗਿਰਦਾ
ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿਖੇ ਸ਼ਰਧਾਲੂਆਂ ਦੀ ਮੰਗ ਨੂੰ ਪਿਆ ਬੂਰ
Publish Date: Mon, 27 Apr 2026 04:20 PM (IST)
Updated Date: Mon, 27 Apr 2026 04:22 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਇਤਿਹਾਸਕ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਦੀ ਚਿਰੋਕਣੀ ਮੰਗ ਉਸ ਵੇਲੇ ਪੂਰੀ ਹੋ ਗਈ, ਜਦੋਂ ਇਲਾਕੇ ਵਿਚ ਲਗਾਈਆਂ ਗਈਆਂ ਨਵੀਆਂ ਸਟਰੀਟ ਲਾਈਟਾਂ ਨਾਲ ਸਮੁੱਚਾ ਇਲਾਕਾ ਜਗਮਗ ਕਰ ਉੱਠਿਆ। ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਵੱਲੋਂ ਆਪਣੇ ਅਖਤਿਆਰੀ ਫੰਡ ਵਿੱਚੋਂ ਜਾਰੀ ਕੀਤੀ ਗਈ ਗ੍ਰਾਂਟ ਸਦਕਾ ਹੁਣ ਗੁਰਦੁਆਰਾ ਸਾਹਿਬ ਦੇ ਚੌਗਿਰਦੇ ਅਤੇ ਮੋਗਾ ਰੋਡ ਹਾਈਵੇਅ ਦੇ ਖੇਤਰ ਵਿਚ ਹਨੇਰਾ ਦੂਰ ਹੋ ਗਿਆ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਜਿੱਥੇ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਸਥਾਨਕ ਆਗੂਆਂ ਨੇ ਇਸ ਨੂੰ ਵਿਕਾਸ ਦੀ ਰਾਹ ਵਿਚ ਇਕ ਵੱਡਾ ਕਦਮ ਦੱਸਿਆ ਹੈ। ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ਼ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਅੱਜ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ। ਆਗੂਆਂ ਨੇ ਦੱਸਿਆ ਕਿ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਵੱਲੋਂ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਰਾਤ ਦੇ ਸਮੇਂ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਅਤੇ ਹਾਈਵੇਅ ’ਤੇ ਰੌਸ਼ਨੀ ਦਾ ਉਚਿੱਤ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਜਦੋਂ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਧਿਆਨ ਵਿਚ ਲਿਆਂਦਾ ਗਿਆ, ਤਾਂ ਉਨ੍ਹਾਂ ਨੇ ਬਿਨ੍ਹਾ ਕਿਸੇ ਦੇਰੀ ਦੇ ਇਸ ਨੂੰ ਪਹਿਲ ਦੇ ਅਧਾਰ ’ਤੇ ਲਿਆ। ਪਿੰਕੀ ਅਤੇ ਆਸ਼ੂ ਬੰਗੜ ਨੇ ਦੱਸਿਆ ਕਿ ਐੱਮਪੀ ਕੋਟੇ ਵਿੱਚੋਂ ਲਗਭਗ 200 ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਨੂੰ ਚਾਲੂ ਵੀ ਕਰ ਦਿੱਤਾ ਗਿਆ ਹੈ। ਇਨ੍ਹਾਂ ਲਾਈਟਾਂ ਦੇ ਲੱਗਣ ਨਾਲ ਹੁਣ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਦਾ ਚੌਗਿਰਦਾ ਅਤੇ ਮੋਗਾ ਰੋਡ ਦਾ ਸਾਰਾ ਏਰੀਆ ਪੂਰੀ ਤਰ੍ਹਾਂ ਰੌਸ਼ਨ ਹੋ ਗਿਆ ਹੈ। ਇਸ ਮੌਕੇ ਦੋਵਾਂ ਆਗੂਆਂ ਨੇ ਸਾਂਸਦ ਘੁਬਾਇਆ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੰਗਤ ਦੀ ਭਾਵਨਾ ਨੂੰ ਸਮਝਦਿਆਂ ਬਹੁਤ ਹੀ ਘੱਟ ਸਮੇਂ ਵਿਚ ਇਸ ਮੰਗ ਨੂੰ ਪੂਰਾ ਕੀਤਾ ਹੈ। ਇਸ ਮੌਕੇ ਬਲਾਕ ਪ੍ਰਧਾਨ ਸਿਟੀ ਫਿਰੋਜ਼ਪੁਰ ਸੁਖਵਿੰਦਰ ਸਿੰਘ ਅਟਾਰੀ, ਬਲਵੀਰ ਸਿੰਘ ਬਾਠ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੋਰਾ ਸਰਪੰਚ, ਰਵੀ ਤਾਇਲ, ਰਜਨੀਸ਼ ਗੋਇਲ, ਸਰਵਣ ਸਿੰਘ ਨੰਬਰਦਾਰ, ਰਜਨੀਸ਼ ਸੋਢੀ, ਗੋਪੀ ਔਲਖ, ਸਰਪੰਚ ਕਮਲਜੀਤ ਸਿੰਘ ਸੰਧੂ, ਮਨਦੀਪ ਸਿੰਘ, ਮਨਪ੍ਰੀਤ ਸਿੰਘ ਭੁੱਲਰ, ਰਣਧੀਰ ਸਿੰਘ ਧੀਰਾ ਸਾਬਕਾ ਸਰਪੰਚ ਮੱਲਵਾਲ, ਕੁਲਬੀਰ ਸਿੰਘ ਸਾਬਕਾ ਸਰਪੰਚ ਮੱਲਵਾਲ, ਅੰਗਰੇਜ਼ ਗਗਨ ਗਾਮੇ ਵਾਲਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਨ੍ਹਾਂ ਸਾਰੇ ਪਤਵੰਤੇ ਸੱਜਣਾਂ ਨੇ ਇਕ ਸੁਰ ਵਿਚ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਵਿਕਾਸ ਕਾਰਜਾਂ ਨਾਲ ਇਲਾਕੇ ਦੀ ਨੁਹਾਰ ਬਦਲਦੀ ਹੈ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਵੱਡੀ ਸਹੂਲਤ ਮਿਲਦੀ ਹੈ।