ਨਵੀਂ ਬਣਨ ਜਾ ਰਹੀ ਕਲੋਨੀ ਦੇ ਵਿਵਾਦ ਨੇ ਲਿਆ ਨਵਾਂ ਮੋੜ
ਬਣਨ ਜਾ ਰਹੀ ਨਵੀਂ ਕਲੋਨੀ ਦੇ ਵਿਵਾਦ ਨੇ ਲਿਆ ਨਵਾਂ ਮੋੜ
Publish Date: Wed, 11 Mar 2026 06:26 PM (IST)
Updated Date: Wed, 11 Mar 2026 06:27 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਗੁੱਦੜਢੰਡੀ ਰੋਡ ਤੇ ਬਣਨ ਜਾ ਰਹੀ ਇਕ ਕਲੋਨੀ ਜੋ ਕਿ ਇਨ੍ਹਾਂ ਦਿਨਾਂ ਵਿਚ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਉਕਤ ਕਲੋਨੀ ਉਪਰ ਵਿਧਾਇਕ ਫੌਜ਼ਾ ਸਿੰਘ ਸਰਾਰੀ ਦੇ ਖਾਸਮ ਖਾਸ ਨਜ਼ਦੀਕੀ ਰਹੇ ਜੋਨੀ ਵੱਲੋਂ ਗੈਰ ਕਾਨੂੰਨੀ ਕਲੋਨੀ ਕਹੇ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਪਰ ਉਕਤ ਕਲੋਨੀ ਮਾਲਕਾਂ ਵੱਲੋਂ ਦਿੱਤੇ ਗਏ ਆਪਣੇ ਪੱਖ ਤੋਂ ਬਾਅਦ ਇਸ ਕਲੋਨੀ ਦੇ ਵਿਵਾਦ ਨੇ ਇਕ ਨਵਾਂ ਮੋੜ ਲੈ ਲਿਆ ਹੈ। ਕਾਲੋਨੀ ਮਾਲਕਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਸਿਰਫ ਅਜੇ ਕਾਲੋਨੀ ਬਣਾਉਣ ਵਾਸਤੇ ਜਗਹਾ ਹੀ ਖਰੀਦੀ ਹੈ। ਕਾਲੋਨੀ ਬਣਾਉਣ ਦੀ ਪ੍ਰਪੋਜਲ ਤਿਆਰ ਕਰਨ ਵਾਲੇ ਮਾਲਕ ਜਗਮੀਤ ਸਿੰਘ ਸੰਧੂ ਅਤੇ ਕੁਲਬੀਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਕਲੋਨੀ ਬਣਾਉਣ ਵਾਸਤੇ ਗੁੱਦੜ ਢੰਢੀ ਰੋਡ ਉੱਪਰ ਜਗ੍ਹਾ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਹ ਜਗ੍ਹਾ ਕਲੋਨੀ ਬਣਾਉਣ ਵਾਸਤੇ ਖਰੀਦ ਕੀਤੀ ਹੈ ਅਤੇ ਕਲੋਨੀ ਬਣਾਉਣ ਵਾਸਤੇ ਸਰਕਾਰੀ ਸ਼ਰਤਾਂ ਅਨੁਸਾਰ ਮਨਜ਼ੂਰੀ ਲੈਣ ਲਈ ਨਗਰ ਕੌਂਸਲ ਆਦੀ ਨੂੰ ਦਰਖਾਸਤਾਂ ਦੇ ਕੇ ਮਨਜ਼ੂਰੀ ਲਈ ਅਪਲਾਈ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਣਾਏ ਜਾਣ ਵਾਲੀ ਕਲੋਨੀ ਵਿਚ ਆਪਣਾ ਹਿੱਸਾ ਪੱਤੀ ਪਾਉਣ ਲਈ ਜੋਨੀ ਕਪੂਰ ਵੱਲੋਂ ਪ੍ਰਸ਼ਾਸਨ ਅਤੇ ਸੰਬੰਧਿਤ ਮਹਿਕਮਿਆਂ ਨੂੰ ਕਲੋਨੀ ਬਣਾ ਲਏ ਜਾਣ ਦੀਆਂ ਝੂਠੀਆਂ ਦਰਖਾਸਤਾਂ ਦੇ ਕੇ ਕਲੋਨੀ ਵਿੱਚ ਜਬਰੀ ਹਿੱਸਾ ਪੱਤੀ ਰੱਖਣ ਦੇ ਮਕਸਦ ਦੇ ਨਾਲ ਸਾਨੂੰ ਟੋਰਚਰ ਕੀਤਾ ਜਾ ਰਿਹਾ ਹੈ। ਜਗਮੀਤ ਸਿੰਘ ਸੰਧੂ ਅਤੇ ਕੁਲਬੀਰ ਬਰਾੜ ਨੇ ਦੱਸਿਆ ਕਿ ਉਨਾਂ ਨੇ ਕਲੋਨੀ ਬਣਾਉਣ ਲਈ ਖਰੀਦੀ ਗਈ ਜ਼ਮੀਨ ਉੱਪਰ ਸਿਰਫ ਆਪਣੇ ਲਈ ਇਕ ਕਮਰਾ ਹੀ ਬਣਾਇਆ ਹੈ ਅਤੇ ਉੱਥੇ ਕੋਈ ਵੀ ਪਲਾਟ ਵਗੈਰਾ ਰਜਿਸਟਰੀਆਂ ਕਰਾ ਕੇ ਨਹੀਂ ਦਿੱਤੇ ਹਨ ਅਤੇ ਨਾ ਹੀ ਉੱਥੇ ਕੋਈ ਕੋਠੀਆਂ ਘਰ ਵਗੈਰਾ ਬਣੀਆਂ ਹਨ। ਉਨ੍ਹਾਂ ਦੱਸਿਆ ਕਿ ਵਿਧਾਇਕ ਫੌਜ਼ਾ ਸਿੰਘ ਸਰਾਰੀ ਦੀ ਇਸ ਕਲੋਨੀ ਵਿਚ ਸ਼ਮੂਲੀਅਤ ਹੋਣ ਦੇ ਇਲਜ਼ਾਮ ਵੀ ਝੂਠੇ ਲਗਾਏ ਜਾ ਰਹੇ ਹਨ ਜੋ ਕਿ ਸਿਰਫ ਬਦਨਾਮ ਕਰਨ ਦੀ ਮਨਸ਼ਾ ਹੈ। ਕੀਤੇ ਗਏ ਇੱਕ ਸਵਾਲ ਦਾ ਜਵਾਬ ਵਿਚ ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਉਕਤ ਕਪੂਰ ਪਰਿਵਾਰ ਵੱਲੋਂ ਆਪਣੀ ਗੱਡੀ ਤੇ ਰਾਸ਼ਟਰੀ ਤਿਰੰਗੇ ਵਾਲੀ ਝੰਡੀ ਲਗਾਈ ਹੋਈ ਸੀ, ਜਿਸ ਦੀ ਵੀਡੀਓ ਵਾਇਰਲ ਹੋਣ ਤੇ ਪਰਚਾ ਵੀ ਦਰਜ ਕੀਤਾ ਗਿਆ ਸੀ ਅਤੇ ਉਕਤ ਪਰਿਵਾਰ ਦਾ ਮੈਂਬਰ ਉਸ ਸਮੇਂ ਦੌਰਾਨ ਵਿਧਾਇਕ ਫੌਜ਼ਾ ਸਿੰਘ ਸਰਾਰੀ ਦਾ ਪੀਏ ਸੀ ਅਤੇ ਇਸ ਹਰਕਤ ਤੋਂ ਬਾਅਦ ਵਿਧਾਇਕ ਵੱਲੋਂ ਇਸ ਪਦ ਤੋਂ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇਕ ਝੂਠੀ ਆਡਿਟ ਕੀਤੀ ਆਡੀਓ ਵਾਇਰਲ ਕਰਕੇ ਵੀ ਵਿਧਾਇਕ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਸੰਧੂ ਅਤੇ ਬਰਾੜ ਨੇ ਕਿਹਾ ਕਿ ਵਿਧਾਇਕ ਫੌਜਾ ਸਿੰਘ ਸਰਾਰੀ ਨਾਲ ਸਾਡੀ ਨਜ਼ਦੀਕੀ ਹੋਣ ਕਰਕੇ ਉਕਤ ਸ਼ਿਕਾਇਤ ਕਰਤਾ ਵੱਲੋਂ ਅੜਚਣ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੂਜੇ ਪਾਸੇ ਇਹ ਸਾਰੀ ਕਹਾਣੀ ਦੱਸੇ ਜਾਣ ਤੋਂ ਬਾਅਦ ਵੀ ਜੋਨੀ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੇ ਸਬੂਤ ਅਤੇ ਜਾਣਕਾਰੀ ਪ੍ਰਾਪਤ ਕਰਕੇ ਹੀ ਸ਼ਿਕਾਇਤਾਂ ਕੀਤੀਆਂ ਹਨ ਜਿਸ ਕਰਕੇ ਹੁਣ ਸਾਡੇ ਤੇ ਹਿੱਸੇ ਪੱਤੀ ਪਾਉਣ ਦੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਜੋਨੀ ਕਪੂਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕੀਤੇ ਜਾਣ ਤੇ ਉਹ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਵੀ ਖਟਖਟਾਉਣਗੇ ।