ਸੜਕ ਦਾ ਕੰਮ ਠੇਕੇਦਾਰ ਨੇ ਅੱਧ ਵਿਚਕਾਰ ਛੱਡਿਆ, ਲੋਕ ਹੋ ਰਹੇ ਖੱਜਲ-ਖੁਆਰ
ਸੜਕ ਦਾ ਕੰਮ ਠੇਕੇਦਾਰ ਨੇ ਅੱਧ ਵਿਚਕਾਰ ਛੱਡਿਆ, ਲੋਕ ਹੋ ਰਹੇ ਖੱਜਲ-ਖੁਆਰ
Publish Date: Tue, 21 Apr 2026 07:03 PM (IST)
Updated Date: Tue, 21 Apr 2026 07:07 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ
ਫਾਜ਼ਿਲਕਾ : ਸਥਾਨਕ ਡੈਡ ਹਾਊਸ ਰੋਡ ‘ਤੇ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਲੋਕਿੰਗ ਟਾਈਲਾਂ ਵਾਲੀ ਸੜਕ ਠੇਕੇਦਾਰਾਂ ਦੀ ਲਾਪਰਵਾਹੀ ਅਤੇ ਅਫ਼ਸਰਾਂ ਦੀ ਕੁੰਭਕਰਨੀ ਨੀਂਦ ਕਾਰਨ ਅੱਧ ਵਿਚਕਾਰ ਲਟਕ ਗਈ ਹੈ, ਜਿਸ ਨਾਲ ਇਲਾਕਾ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਕੈਨਰਾ ਬੈਂਕ ਤੋਂ ਥਾਣਾ ਸਦਰ ਤੱਕ ਬਣ ਰਹੀ ਸੜਕ ਦਾ ਕੰਮ ਠੇਕੇਦਾਰ ਵੱਲੋਂ ਅਚਾਨਕ ਰੋਕ ਦਿੱਤਾ ਗਿਆ ਹੈ। ਅਧੂਰੀ ਸੜਕ ਅਤੇ ਜਗ੍ਹਾ-ਜਗ੍ਹਾ ਪਏ ਮਲਬੇ ਦੇ ਢੇਰਾਂ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕ ਰੋਜ਼ਾਨਾ ਖੱਜਲ-ਖੁਆਰ ਹੋ ਰਹੇ ਹਨ। ਮੁਹੱਲਾ ਵਾਸੀਆਂ ਅਮਨ ਦੁਰੇਜਾ,ਸ਼ਿਵਰਾਜ ਕਾਮਰਾ,ਮਦਨ ਵਡੇਰਾ ਅਤੇ ਸ਼ਸ਼ੀ ਆਰੀਆ ਅਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਜਾਰੀ ਕੀਤੇ ਜਾਂਦੇ ਹਨ, ਪਰ ਸੰਬੰਧਿਤ ਅਧਿਕਾਰੀ ਮੌਕੇ ‘ਤੇ ਨਿਗਰਾਨੀ ਨਹੀਂ ਕਰਦੇ। ਇਸ ਦਾ ਫਾਇਦਾ ਠੇਕੇਦਾਰ ਚੁੱਕਦੇ ਹਨ ਅਤੇ ਅਧੂਰਾ ਕੰਮ ਛੱਡ ਕੇ ਰਕਮ ਹਾਸਲ ਕਰ ਲੈਂਦੇ ਹਨ, ਜਿਸਦਾ ਨੁਕਸਾਨ ਆਖ਼ਿਰਕਾਰ ਲੋਕਾਂ ਨੂੰ ਝੱਲਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਡੈਡ ਹਾਊਸ ਰੋਡ ਦਾ ਅਧੂਰਾ ਕੰਮ ਤੁਰੰਤ ਪੂਰਾ ਕਰਵਾਇਆ ਜਾਵੇ ਅਤੇ ਸੜਕ ਨੂੰ ਮਿਆਰੀ ਢੰਗ ਨਾਲ ਤਿਆਰ ਕੀਤਾ ਜਾਵੇ। ਸਥਾਨਕ ਲੋਕਾਂ ਮੁਤਾਬਕ ਸੜਕ ਦਾ ਅੱਧ ਤੋਂ ਵੱਧ ਕੰਮ ਹੋ ਚੁੱਕਾ ਹੈ, ਪਰ ਪਾਣੀ ਦੀ ਨਿਕਾਸੀ ਲਈ ਚੈਂਬਰ ਨਹੀਂ ਬਣਾਏ ਗਏ। ਹਾਲੀਆ ਬਰਸਾਤ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਨਾਲ ਪਾਣੀ ਜ਼ਮੀਨ ਵਿੱਚ ਸਮਾ ਰਿਹਾ ਹੈ, ਜਿਸ ਕਾਰਨ ਸੜਕ ਹੁਣ ਤੋਂ ਹੀ ਧਸਣੀ ਸ਼ੁਰੂ ਹੋ ਗਈ ਹੈ।
ਸਮਾਜਸੇਵੀ ਵਧਵਾ ਨੇ ਦਿੱਤੀ ਧਰਨੇ ਦੀ ਚਿਤਾਵਨੀ
ਸਮਾਜਸੇਵੀ ਅਰੁਣ ਵਧਵਾ ਨੇ ਕਿਹਾ ਕਿ ਡੈਡ ਹਾਊਸ ਰੋਡ ਅਤੇ ਮੁੱਖ ਬਾਜ਼ਾਰ ਤੋਂ ਦਾਣਾ ਮੰਡੀ ਨੂੰ ਜਾਣ ਵਾਲੀਆਂ ਦੋਵੇਂ ਸੜਕਾਂ ਮੰਡੀ ਬੋਰਡ ਦੇ ਅਧੀਨ ਹਨ, ਪਰ ਠੇਕੇਦਾਰ ਦੀ ਲਾਪਰਵਾਹੀ ਕਾਰਨ ਕੰਮ ਬੰਦ ਪਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇੱਕ ਹਫ਼ਤੇ ਵਿੱਚ ਕੰਮ ਸ਼ੁਰੂ ਨਾ ਹੋਇਆ ਤਾਂ ਉਹ ਡੀਸੀ ਦਫ਼ਤਰ ਬਾਹਰ ਧਰਨਾ ਦੇਣ ਲਈ ਮਜਬੂਰ ਹੋਣਗੇ।
ਐਕਸਇਨ ਦਾ ਭਰੋਸਾ-ਜਲਦ ਸ਼ੁਰੂ ਹੋਵੇਗਾ ਕੰਮ
ਇਸ ਸਬੰਧੀ ਮੰਡੀ ਬੋਰਡ ਦੇ ਐਕਸਇਨ ਸਾਹਿਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸੜਕ ‘ਤੇ ਕੰਮ ਕਰ ਰਹੀ ਲੇਬਰ ਨੂੰ ਅਸਥਾਈ ਤੌਰ ‘ਤੇ ਦੂਜੇ ਸਥਾਨ ‘ਤੇ ਭੇਜਿਆ ਗਿਆ ਸੀ ਅਤੇ ਸੜਕ ਦੇ ਲੈਵਲ ਨਾਲ ਸੰਬੰਧਿਤ ਕੁਝ ਤਕਨੀਕੀ ਸਮੱਸਿਆ ਵੀ ਸਾਹਮਣੇ ਆਈ ਸੀ। ਉਨ੍ਹਾਂ ਕਿਹਾ ਕਿ ਇਹ ਮਸਲਾ ਹੱਲ ਕਰਕੇ ਜਲਦੀ ਹੀ ਕੰਮ ਦੁਬਾਰਾ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਸੜਕ ਨੂੰ ਮੁਕੰਮਲ ਕੀਤਾ ਜਾਵੇਗਾ।