ਪੁਲਿਸ ਲਾਈਨ ਫਿਰੋਜ਼ਪੁਰ ’ਚ ਧੂਮਧਾਮ ਨਾਲ ਮਨਾਇਆ ਪ੍ਰਕਾਸ਼ ਉਤਸਵ
ਪੁਲਿਸ ਲਾਈਨ ਫਿਰੋਜ਼ਪੁਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ‘ਧੂਮਧਾਮ’ ਨਾਲ ਮਨਾਇਆ ਗਿਆ
Publish Date: Wed, 05 Nov 2025 05:02 PM (IST)
Updated Date: Wed, 05 Nov 2025 05:04 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੱਜ ਪੁਲਿਸ ਲਾਈਨ ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਬੜੇ ਹੀ ਉਤਸ਼ਾਹ, ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਦੀ ਰੌਣਕ ਵੇਖਣ ਵਾਲੀ ਸੀ, ਜਿੱਥੇ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵੱਡੀ ਗਿਣਤੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਵੇਰ ਤੋਂ ਹੀ ਵਿਸ਼ੇਸ਼ ਦੀਵਾਨ ਸਜਾਏ ਗਏ। ਹੈੱਡ ਗ੍ਰੰਥੀ ਹਰਜਿੰਦਰ ਸਿੰਘ ਜੀ ਨੇ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਜਿਸ ਵਿਚ ‘ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ’ ਦੇ ਮਹਾਨ ਸਿਧਾਂਤਾਂ ’ਤੇ ਜ਼ੋਰ ਦਿੱਤਾ ਗਿਆ। ਪੰਡਾਲ ਵਿਚ ਮਨੋਹਰ ਕੀਰਤਨ ਅਤੇ ਰਸਭਿੰਨੇ ਕਥਾ-ਵਿਚਾਰਾਂ ਦਾ ਪ੍ਰਵਾਹ ਚੱਲਿਆ, ਜਿਸ ਨੇ ਹਾਜ਼ਰੀਨ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਪਵਿੱਤਰ ਸਮਾਗਮ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੁੱਚੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਸਿੱਧੂ ਪੀਪੀਐੱਸ, ਐੱਸਐੱਸਪੀ ਫਿਰੋਜ਼ਪੁਰ ਨੇ ਕੀਤੀ। ਉਨ੍ਹਾਂ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਪੁਲਿਸ ਕਰਮਚਾਰੀਆਂ ਨੂੰ ਗੁਰੂ ਸਾਹਿਬ ਜੀ ਦੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਨਜੀਤ ਸਿੰਘ ਪੀਪੀਐੱਸ, ਐੱਸਪੀ (ਇੰਨਵੈ) ਫਿਰੋਜ਼ਪੁਰ, ਸੁਖਵਿੰਦਰ ਸਿੰਘ ਪੀਪੀਐੱਸ, ਡੀਐੱਸਪੀ (ਸ਼ਹਿਰੀ), ਕਰਨ ਸ਼ਰਮਾ ਪੀਪੀਐੱਸ, ਡੀਐੱਸਪੀ (ਦਿਹਾਤੀ), ਸਤਨਾਮ ਸਿੰਘ ਪੀਪੀਐੱਸ, ਡੀਐੱਸਪੀ (ਐੱਨਡੀਪੀਐੱਸ) ਫਿਰੋਜ਼ਪੁਰ, ਤਰਨਜੀਤ ਸਿੰਘ ਪੀਪੀਐੱਸ, ਡੀਐੱਸਪੀ (ਸਪੈਸ਼ਲ ਕਰਾਈਮ) ਫਿਰੋਜ਼ਪੁਰ ਸਮੁੱਚੇ ਮੁੱਖ ਅਫਸਰ ਥਾਣਾਜਾਤ ਅਤੇ ਹੋਰ ਸਮੂਹ ਪੁਲਿਸ ਕਰਮਚਾਰੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਪ੍ਰੋਗਰਾਮ ਵਿਚ ਸਮੂਹ ਮਨੁੱਖਤਾ ਦੇ ਭਲੇ ਲਈ ਅਤੇ ਪੁਲਿਸ ਫੋਰਸ ਦੀ ਚੜ੍ਹਦੀ ਕਲਾ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਪਰੰਤ ਸਮੂਹ ਸੰਗਤ ਲਈ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ।