ਗ੍ਰੀਨ ਕਾਰਨੀਵਲ ਵਿਚ ਖਿੜਿਆ ਕੁਦਰਤ ਦਾ ਸੁਹੱਪਣ
ਗ੍ਰੀਨ ਕਾਰਨੀਵਲ ਵਿਚ ਖਿੜਿਆ ਕੁਦਰਤ ਦਾ ਸੁਹੱਪਣ
Publish Date: Sun, 19 Apr 2026 05:16 PM (IST)
Updated Date: Sun, 19 Apr 2026 05:18 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਾਤਾਵਰਣ ਸਿੱਖਿਆ ਪ੍ਰੋਗਰਾਮ ‘ਦ ਗ੍ਰੀਨ ਕਾਰਨੀਵਲ’ ਦੇ ਤਹਿਤ ਗਾਂਧੀ ਗਾਰਡਨ ਵਿਚ ਆਯੋਜਿਤ ਫੁੱਲਾਂ ਅਤੇ ਸਜਾਵਟੀ ਪੌਦਿਆਂ ਦੀ ਪ੍ਰਦਰਸ਼ਨੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਫਿਰੋਜ਼ਪੁਰ ਕੈਂਟੋਨਮੈਂਟ ਬੋਰਡ ਵੱਲੋਂ ਸਜਾਈ ਗਈ ਇਹ ਖੂਬਸੂਰਤ ਪ੍ਰਦਰਸ਼ਨੀ ਕੁਦਰਤ ਦੇ ਰੰਗਾਂ, ਸੋਹਣਾਪਣ ਅਤੇ ਰਚਨਾਤਮਕਤਾ ਦਾ ਬੇਮਿਸਾਲ ਮਿਲਾਪ ਪੇਸ਼ ਕਰਦੀ ਨਜ਼ਰ ਆਈ। ਕੰਟੋਨਮੈਂਟ ਬੋਰਡ ਦੇ ਸੁਪਰਡੈਂਟ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਈਓ ਜੋਨਸ ਵਿਕਾਸ ਦੀ ਅਗਵਾਈ ’ਚ ਇਹ ਸ਼ਾਨਦਾਰ ਫਲਾਵਰ ਅਤੇ ਆਰਨਾਮੈਂਟਲ ਪਲਾਂਟਸ ਸ਼ੋਅ ‘ਦ ਗ੍ਰੀਨ ਕਾਰਨੀਵਲ’ ਦੌਰਾਨ ਪੇਸ਼ ਕੀਤਾ ਗਿਆ, ਜਿਸਦਾ ਆਯੋਜਨ ਮਯੰਕ ਫਾਊਂਡੇਸ਼ਨ ਵੱਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਕੀਤਾ ਗਿਆ। ਉਨ੍ਹਾਂ ਨੇ ਹੋਰ ਦੱਸਿਆ ਕਿ ਕੈਂਟ ਬੋਰਡ ਦੀ ਸਮਰਪਿਤ ਮਾਲੀ ਟੀਮ, ਜਿਸਦੀ ਅਗਵਾਈ ਹੈੱਡ ਮਾਲੀ ਸ਼ੀਤਲਾ ਪ੍ਰਸਾਦ ਕਰ ਰਹੇ ਹਨ, ਦਿਨ-ਰਾਤ ਮਿਹਨਤ ਕਰਕੇ ਕੰਟੋਨਮੈਂਟ ਦੇ ਸਰਕਾਰੀ ਪਾਰਕਾਂ ਵਿਚ ਵੱਧ ਤੋਂ ਵੱਧ ਫੁੱਲਾਂ ਦੀ ਖਿੜਾਵ ਨੂੰ ਯਕੀਨੀ ਬਣਾ ਰਹੀ ਹੈ। ਇਸੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਕਿ ਇਸ ਪ੍ਰਦਰਸ਼ਨੀ ਵਿਚ ਰੰਗ-ਬਿਰੰਗੇ ਫੁੱਲਾਂ ਅਤੇ ਖੂਬਸੂਰਤ ਸਜਾਵਟੀ ਪੌਦਿਆਂ ਨੇ ਹਰ ਆਉਣ ਵਾਲੇ ਨੂੰ ਮੋਹ ਲਿਆ। ਮਯੰਕ ਫਾਊਂਡੇਸ਼ਨ ਵੱਲੋਂ ਆਯੋਜਿਤ ‘ਦ ਗ੍ਰੀਨ ਕਾਰਨੀਵਲ’ ਇਕ ਵਿਲੱਖਣ ਵਾਤਾਵਰਣ ਸਿੱਖਿਆ ਮੁਹਿੰਮ ਹੈ, ਜਿਸਦਾ ਉਦੇਸ਼ ਬੱਚਿਆਂ ਅਤੇ ਸਮਾਜ ਨੂੰ ਕੁਦਰਤ ਦੀ ਸੰਭਾਲ, ਹਰਿਆਲੀ ਭਰੀ ਜੀਵਨ ਸ਼ੈਲੀ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਹੈ। ਇਸ ਪ੍ਰੋਗਰਾਮ ਰਾਹੀਂ ਪੇਂਟਿੰਗ ਮੁਕਾਬਲੇ, ਨੇਚਰ ਫੋਟੋਗ੍ਰਾਫੀ, ਸਾਈਕਲੋਥਾਨ, ਫਲਾਵਰ ਸ਼ੋਅ ਅਤੇ ਜਾਗਰੂਕਤਾ ਮੁਹਿੰਮਾਂ ਵਰਗੀਆਂ ਕਈ ਗਤੀਵਿਧੀਆਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਕੁਦਰਤ ਨਾਲ ਜੋੜਨ ਦੀ ਸ਼ਲਾਘਾਯੋਗ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਇਹ ਪ੍ਰਦਰਸ਼ਨੀ ਨਾ ਸਿਰਫ਼ ਵਾਤਾਵਰਣ ਸੰਭਾਲ ਦਾ ਸੁਨੇਹਾ ਦੇਣ ਵਿਚ ਸਫਲ ਰਹੀ, ਸਗੋਂ ਲੋਕਾਂ ਵਿਚ ਹਰਿਆਲੀ ਅਤੇ ਕੁਦਰਤ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਵੀ ਭੂਮਿਕਾ ਨਿਭਾਈ।