ਸ਼ੁੱਕਰਵਾਰ ਦੇਰ ਸ਼ਾਮ ਸਰਹੱਦੀ ਕਸਬਾ ਮਮਦੋਟ ਦੇ ਪਿੰਡ ਕੜਮਾ ਵਿੱਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਨਾਲ ਘਰ ਦੀਆਂ ਛੱਤਾਂ ਉੱਡ ਗਈਆਂ ਤੇ ਪਾਸੇ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਹਾਦਸੇ ਵਿੱਚ ਘਰ ਦਾ ਮਾਲਕ ਕਾਲਾ ਪੁੱਤਰ ਸ਼ੇਰਾ, ਉਸ ਦੀ ਪਤਨੀ ਕਿਰਨ, ਤੇ ਗੁਆਂਢੀ ਦੀ ਧੀ ਗੰਭੀਰ ਜਖ਼ਮੀ ਹੋਏ।
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸ਼ੁੱਕਰਵਾਰ ਦੇਰ ਸ਼ਾਮ ਸਰਹੱਦੀ ਕਸਬਾ ਮਮਦੋਟ ਦੇ ਪਿੰਡ ਕੜਮਾ ਵਿੱਚ ਇਕ ਘਰ ਅੰਦਰ ਹੋਏ ਜ਼ੋਰਦਾਰ ਧਮਾਕੇ ਨਾਲ ਘਰ ਦੀਆਂ ਛੱਤਾਂ ਉੱਡ ਗਈਆਂ ਤੇ ਪਾਸੇ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਹਾਦਸੇ ਵਿੱਚ ਘਰ ਦਾ ਮਾਲਕ ਕਾਲਾ ਪੁੱਤਰ ਸ਼ੇਰਾ, ਉਸ ਦੀ ਪਤਨੀ ਕਿਰਨ, ਤੇ ਗੁਆਂਢੀ ਦੀ ਧੀ ਗੰਭੀਰ ਜਖ਼ਮੀ ਹੋਏ।
ਜਖ਼ਮੀਆਂ ਵਿੱਚੋਂ ਕਾਲਾ ਅਤੇ ਕਿਰਨ ਨੂੰ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦੇ ਮੁਤਾਬਕ, ਘਰ ਵਿੱਚ ਪਟਾਕਿਆਂ ਲਈ ਵਰਤੀ ਜਾਣ ਵਾਲੀ ਪੋਟਾਸ਼ ਰੱਖੀ ਹੋਈ ਸੀ, ਜਿਸ ਦੇ ਫਟਣ ਨਾਲ ਇਹ ਧਮਾਕਾ ਹੋਇਆ। ਦੂਜੇ ਪਾਸੇ, ਪੁਲਿਸ ਵੱਲੋਂ ਇਸ ਘਟਨਾ ਨੂੰ ਬੀਤੇ ਦਿਨੀਂ ਬਠਿੰਡਾ ਵਿੱਚ ਜਿਹਾਦੀ ਵਿਸਫੋਟਕ ਵਾਲੇ ਮਾਮਲੇ ਨਾਲ ਜੋੜ ਕੇ ਵੀ ਜਾਂਚਿਆ ਜਾ ਰਿਹਾ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਛੱਤਾਂ ਦੀਆਂ ਇੱਟਾਂ 30 ਤੋਂ 40 ਮੀਟਰ ਦੂਰ ਤੱਕ ਉੱਡ ਕੇ ਡਿੱਗੀਆਂ, ਜਦਕਿ ਪਿੱਛੇ ਵੱਸਦੇ ਗੁਰਮੇਲ ਸਿੰਘ ਤੇ ਮੰਗਤ ਸਿੰਘ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ।
ਗੁਆਂਢੀ ਗੁਰਮੇਲ ਸਿੰਘ ਨੇ ਦੱਸਿਆ, “ਮੇਰੇ ਗੁਆਂਢੀ ਕਾਲਾ ਦੇ ਘਰ ਅੰਦਰ ਪੋਟਾਸ਼ ਪਈ ਸੀ। ਇਕਦਮ ਜ਼ੋਰਦਾਰ ਧਮਾਕਾ ਹੋਇਆ, ਛੱਤਾਂ ਉੱਡ ਗਈਆਂ ਤੇ ਅੰਦਰ ਪਿਆ ਸਾਰਾ ਸਾਮਾਨ ਤਬਾਹ ਹੋ ਗਿਆ। ਮੇਰੀ ਧੀ ਰਸੋਈ ਵਿੱਚ ਸੀ, ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ।” ਪਿੰਡ ਦੇ ਹੀ ਸਤਪਾਲ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਨੇ ਨਾਜਾਇਜ਼ ਤੌਰ ’ਤੇ ਘਰ ਅੰਦਰ ਪੋਟਾਸ਼ ਇਕੱਠੀ ਕਰ ਰੱਖੀ ਸੀ, ਜਿਸ ਨਾਲ ਇਹ ਵਿਸਫੋਟ ਹੋਇਆ। ਧਮਾਕੇ ਦੀ ਆਵਾਜ਼ ਪਿੰਡ ਦੇ ਦੂਰਲੇ ਹਿੱਸਿਆਂ ਤੱਕ ਸੁਣੀ ਗਈ। ਹਾਲਾਤ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਇਲਾਕੇ ਵਿੱਚ ਸੁਰੱਖਿਆ ਬੰਦੋਬਸਤ ਸਖਤ ਕਰ ਦਿੱਤੇ ਹਨ।
ਫੌਰੈਂਸਿਕ ਜਾਂਚ ਲਈ ਭੇਜਿਆ ਘਰ ਦਾ ਮਲਬਾ
ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਦੇ ਏਐਸਆਈ ਸੁਖਚੈਨ ਸਿੰਘ ਨੇ ਪੁਸ਼ਟੀ ਕੀਤੀ ਕਿ ਕਾਲਾ ਤੇ ਉਸ ਦੀ ਪਤਨੀ ਕਿਰਨ ਗੰਭੀਰ ਤੌਰ ’ਤੇ ਜ਼ਖਮੀ ਹਨ। ਉਨ੍ਹਾਂ ਨੇ ਕਿਹਾ ਕਿ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਵਿਸਫੋਟਕ ਦੇ ਸਰੋਤ ਅਤੇ ਉਦੇਸ਼ ਬਾਰੇ ਹਰ ਪਹਿਲੂ ਤੋਂ ਜਾਂਚ ਜਾਰੀ ਹੈ।ਸੂਤਰਾਂ ਮੁਤਾਬਿਕ ਪੁਲਿਸ ਨੇ ਮੌਕੇ ਤੋਂ ਘਰ ਦੇ ਮਲਬੇ ਅਤੇ ਪੋਟਾਸ਼ ਦੇ ਨਮੂਨੇ ਇਕੱਠੇ ਕਰਕੇ ਫੋਰੈਂਸਿਕ ਜਾਂਚ ਲਈ ਭੇਜੇ ਹਨ।