ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 19 May 2026 04:04 PM (IST)
Updated Date: Tue, 19 May 2026 04:06 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਿਟੀ ਸਬ ਡਵੀਜ਼ਨ ਫ਼ਿਰੋਜ਼ਪੁਰ ਦੇ ਉਪ ਮੰਡਲ ਅਫ਼ਸਰ (ਐੱਸਡੀਓ) ਵੱਲੋਂ ਫ਼ੀਲਡ ਮੁਲਾਜ਼ਮਾਂ ਨੂੰ ਦਫਤਰ ਲਗਾਉਣ ਦੇ ਰੋਸ ਵਜੋਂ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੁਲਾਜ਼ਮਾਂ ਨੇ ਐੱਸਡੀਓ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਸਿਟੀ ਪ੍ਰਧਾਨ ਰਾਜੇਸ਼ ਕੁਮਾਰ ਨੇ ਆਖਿਆ ਕਿ ਝੋਨੇ ਦੇ ਆਗਾਮੀ ਸੀਜ਼ਨ ਦੌਰਾਨ ਸਖ਼ਤ ਮਿਹਨਤ ਤੋਂ ਬਚਾਉਣ ਲਈ ਬਾਹਰ ਕੰਮ ਕਰਦੇ ਮੁਲਾਜ਼ਮਾਂ ਦਾ ਤਬਾਦਲਾ ਅੰਦਰੂਨੀ ਦਫ਼ਤਰ ਵਿਚ ਕਰ ਦਿੱਤਾ ਗਿਆ ਹੈ। ਟੈਕਨੀਕਲ ਸਰਵਿਸਜ਼ ਯੂਨੀਅਨ ਸਿਟੀ ਸਬ ਡਵੀਜ਼ਨ ਦੇ ਆਗੂਆਂ ਨੇ ਦੱਸਿਆ ਕਿ ਐੱਸਡੀਓ ਮਨਦੀਪ ਸਿੰਘ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਜਥੇਬੰਦੀ ਨੇ ਅਫ਼ਸਰ ਦੇ ਧਿਆਨ ਵਿਚ ਲਿਆਂਦਾ ਕਿ ਫ਼ੀਲਡ ਅੰਦਰ ਪਹਿਲਾਂ ਹੀ ਤਕਨੀਕੀ ਸਟਾਫ਼ ਦੀ ਭਾਰੀ ਕਮੀ ਚੱਲ ਰਹੀ ਹੈ, ਜਿਸ ਕਾਰਨ ਆਏ ਦਿਨ ਫ਼ੀਲਡ ਵਿਚ ਭਿਆਨਕ ਹਾਦਸੇ ਵਾਪਰ ਰਹੇ ਹਨ। ਯੂਨੀਅਨ ਨੇ ਬੇਨਤੀ ਕੀਤੀ ਕਿ ਦਫ਼ਤਰ ਅੰਦਰ ਡਿਊਟੀ ਕਰ ਰਹੇ ਟੈਕਨੀਕਲ ਮੁਲਾਜ਼ਮਾਂ ਨੂੰ ਤੁਰੰਤ ਬਾਹਰ ਫ਼ੀਲਡ ਵਿਚ ਭੇਜਿਆ ਜਾਵੇ। ਇਸ ’ਤੇ ਵਿਚਾਰ ਕਰਨ ਤੋਂ ਬਾਅਦ ਉਪ ਮੰਡਲ ਅਫ਼ਸਰ ਇਕ ਵਾਰ ਤਾਂ ਯੂਨੀਅਨ ਦੀ ਗੱਲ ਨਾਲ ਸਹਿਮਤ ਹੋ ਗਏ ਅਤੇ ਉਨ੍ਹਾਂ ਨੇ ਦਫ਼ਤਰੀ ਮੁਲਾਜ਼ਮਾਂ ਦੀ ਡਿਊਟੀ ਬਾਹਰ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਜਿਵੇਂ ਹੀ ਜਥੇਬੰਦੀ ਦੇ ਆਗੂ ਮੀਟਿੰਗ ਖ਼ਤਮ ਕਰਕੇ ਵਾਪਸ ਪਰਤੇ, ਤਾਂ ਅਫ਼ਸਰ ਨੇ ਕੁਝ ਹੀ ਸਮੇਂ ਬਾਅਦ ਆਪਣੇ ਕੀਤੇ ਹੋਏ ਆਰਡਰ ਰੱਦ ਕਰ ਦਿੱਤੇ। ਜਿਸ ਦੇ ਚੱਲਦਿਆਂ ਜਥੇਬੰਦੀ ਨੇ ਕੰਮ ਕਾਜ ਠੱਪ ਕਰ ਦਿੱਤਾ। ਯੂਨੀਅਨ ਦੇ ਸਿਟੀ ਪ੍ਰਧਾਨ ਰਾਜੇਸ਼ ਕੁਮਾਰ, ਰਣਬੀਰ ਸਿੰਘ, ਚਮਕੌਰ ਸਿੰਘ, ਰਾਜੇਸ਼ ਕੁਮਾਰ ਵਧਾਵਨ, ਸੁਖਦੇਵ ਸਿੰਘ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਅੱਤ ਦੀ ਗਰਮੀ ਦੇ ਇਸ ਮੌਸਮ ਵਿਚ ਫ਼ੀਲਡ ਦਾ ਕੰਮ ਬੰਦ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਆਮ ਜਨਤਾ ਨੂੰ ਬਿਜਲੀ ਸਪਲਾਈ ਸਬੰਧੀ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਜਨਤਕ ਸਮੱਸਿਆ ਖੜ੍ਹੀ ਹੁੰਦੀ ਹੈ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਐੱਸਡੀਓ ਮਨਦੀਪ ਸਿੰਘ ਦੀ ਹੋਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਦਫ਼ਤਰੀ ਮੁਲਾਜ਼ਮਾਂ ਨੂੰ ਤੁਰੰਤ ਫ਼ੀਲਡ ਵਿਚ ਨਾ ਭੇਜਿਆ ਗਿਆ, ਤਾਂ ਇਸ ਸੰਘਰਸ਼ ਨੂੰ ਤੇਜ਼ ਕਰਦਿਆਂ ਵੀਰਵਾਰ ਤੋਂ ਪੂਰੀ ਡਿਵੀਜ਼ਨ ਦਾ ਬਾਕੀ ਫ਼ੀਲਡ ਸਟਾਫ਼ ਵੀ ਕੰਮ ਮੁਕੰਮਲ ਤੌਰ ’ਤੇ ਬੰਦ ਕਰ ਦੇਵੇਗਾ। ਯੂਨੀਅਨ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇ ਕੇ ਦਫ਼ਤਰੀ ਮੁਲਾਜ਼ਮਾਂ ਦੀ ਡਿਊਟੀ ਬਾਹਰ ਲਗਾਈ ਜਾਵੇ ਤਾਂ ਜੋ ਗਰਮੀ ਦੇ ਸੀਜ਼ਨ ਵਿਚ ਲੋਕਾਂ ਨੂੰ ਨਿਰਵਿਘਨ ਸਪਲਾਈ ਮਿਲ ਸਕੇ।