ਗੈਰ-ਵਿੱਦਿਅਕ ਤੇ ਦੋਹਰੀ ਡਿਊਟੀ ਦੇ ਵਿਰੋਧ ’ਚ ਡੀਸੀ ਦਫ਼ਤਰ ਘੇਰਿਆ
ਗੈਰ-ਵਿੱਦਿਅਕ ਅਤੇ ਦੋਹਰੀਆਂ ਡਿਊਟੀਆਂ ਖ਼ਿਲਾਫ਼ ਅਧਿਆਪਕਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ
Publish Date: Mon, 18 May 2026 05:49 PM (IST)
Updated Date: Mon, 18 May 2026 05:51 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਗੈਰ-ਵਿੱਦਿਅਕ ਅਤੇ ਦੋਹਰੀਆਂ ਡਿਊਟੀਆਂ ਦੇ ਵਿਰੋਧ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐਫ) ਫਾਜ਼ਿਲਕਾ ਦੀ ਅਗਵਾਈ ਹੇਠ ਸੈਂਕੜੇ ਅਧਿਆਪਕਾਂ ਨੇ ਡੀਸੀ ਦਫ਼ਤਰ ਫਾਜ਼ਿਲਕਾ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਮਹਿੰਦਰ ਕੌੜਿਆਂ ਵਾਲੀ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਜ਼ਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਜ਼ਿਲ੍ਹਾ ਕਨਵੀਨਰ ਜਗਦੀਸ਼ ਲਾਲ ਨੇ ਕਿਹਾ ਕਿ ਜਨਗਣਨਾ ਅਤੇ ਹੋਰ ਸਰਕਾਰੀ ਮੁਹਿੰਮਾਂ ਦੇ ਨਾਮ ‘ਤੇ ਅਧਿਆਪਕਾਂ ਨੂੰ ਵੱਡੇ ਪੱਧਰ ‘ਤੇ ਗੈਰ-ਵਿੱਦਿਅਕ ਕੰਮਾਂ ਵਿੱਚ ਲਾਇਆ ਜਾ ਰਿਹਾ ਹੈ, ਜਿਸ ਨਾਲ ਸਕੂਲੀ ਸਿੱਖਿਆ ਪ੍ਰਭਾਵਿਤ ਹੋ ਰਹੀ ਹੈ।ਆਗੂਆਂ ਨੇ ਦੋਸ਼ ਲਗਾਇਆ ਕਿ ਡਿਊਟੀਆਂ ਲਗਾਉਣ ਸਮੇਂ ਕੋਈ ਪਾਰਦਰਸ਼ੀ ਨੀਤੀ ਨਹੀਂ ਅਪਣਾਈ ਗਈ ਅਤੇ ਕਈ ਅਧਿਆਪਕਾਂ ਨੂੰ ਇੱਕੋ ਸਮੇਂ ਦੋ-ਦੋ ਡਿਊਟੀਆਂ ਦੇ ਕੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਅਧਿਆਪਕਾਂ ਦੀਆਂ ਡਿਊਟੀਆਂ ਵੀ ਦੂਰ-ਦੁਰਾਡੇ ਇਲਾਕਿਆਂ ਵਿੱਚ ਲਗਾਈਆਂ ਗਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਅਧਿਆਪਕ ਆਗੂਆਂ ਨੇ ਏਡੀਸੀ ਨੂੰ ਮੰਗ ਪੱਤਰ ਸੌਂਪਿਆ। ਧਰਨੇ ਦੇ ਦਬਾਅ ਹੇਠ ਏਡੀਸੀ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਅਤੇ ਦੋਹਰੀਆਂ ਡਿਊਟੀਆਂ ਘਟਾਉਣ ਸੰਬੰਧੀ ਕਾਰਵਾਈ ਕਰਨ ਦੀ ਗੱਲ ਕਹੀ ਗਈ। ਨਾਲ ਹੀ ਜਨਗਣਨਾ ਡਿਊਟੀ ਕਰ ਰਹੀਆਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਲਈ ਜਾਗਰੂਕਤਾ ਮੁਹਿੰਮ ਚਲਾਉਣ ਦਾ ਵੀ ਭਰੋਸਾ ਦਿੱਤਾ ਗਿਆ।ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਗੈਰ-ਵਿੱਦਿਅਕ ਅਤੇ ਦੋਹਰੀਆਂ ਡਿਊਟੀਆਂ ਤੁਰੰਤ ਰੱਦ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।