ਦੋਹਰੀਆਂ ਡਿਊਟੀਆਂ ਲਗਾਉਣਾ ਅਧਿਆਪਕਾਂ ਨਾਲ ਬੇਇਨਸਾਫ਼ੀ : ਹਰਾਜ
ਜਨਗਣਨਾ ਡਿਊਟੀ ਕਰਦੇ ਅਧਿਆਪਕਾਂ ਅਤੇ ਕਰਮਚਾਰੀਆਂ ਮੁਸ਼ਕਲਾਂ ਅਤੇ ਪਿੱਤਰੀ ਵਿਭਾਗਾਂ ਤੋਂ ਪੂਰੀ ਫਾਰਗੀ ਦੇਣ ਦੀ ਮੰਗ
Publish Date: Wed, 20 May 2026 04:41 PM (IST)
Updated Date: Wed, 20 May 2026 04:43 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਡੀਟੀਐੱਫ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਅਗਵਾਈ ਹੇਠ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਡੀਟੀਐੱਫ ਦੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ, ਪ੍ਰੈਸ ਸਕੱਤਰ ਹੀਰਾ ਸਿੰਘ ਤੂਤ, ਆਗੂ ਅਨਿਲ ਧਵਨ, ਕਿਰਪਾਲ ਸਿੰਘ ਅਤੇ ਕੰਪਿਊਟਰ ਅਧਿਆਪਕ ਆਗੂ ਗੁਰਵਿੰਦਰ ਸਿੰਘ ਮਠਾੜੂ ਹਾਜ਼ਰ ਸਨ। ਜਥੇਬੰਦੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਪਿੱਤਰੀ ਵਿਭਾਗਾਂ ਦੀਆਂ ਡਿਊਟੀਆਂ ਤੋਂ ਪੂਰੀ ਤਰ੍ਹਾਂ ਫਾਰਗ ਕੀਤਾ ਗਿਆ ਹੈ, ਪਰ ਫਿਰੋਜ਼ਪੁਰ ਵਿਚ ਕੇਵਲ ਦੋ ਘੰਟਿਆਂ ਦੀ ਛੋਟ ਦਿੱਤੀ ਗਈ ਹੈ, ਜਿਸ ਕਾਰਨ ਅਧਿਆਪਕਾਂ ਨੂੰ ਜਨਗਣਨਾ ਦਾ ਕੰਮ ਸੁਚੱਜੇ ਅਤੇ ਸਮੇਂ ਸਿਰ ਮੁਕੰਮਲ ਕਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਜਨਗਣਨਾ ਵਰਗੇ ਮਹੱਤਵਪੂਰਨ ਅਤੇ ਜ਼ਿੰਮੇਵਾਰੀ ਭਰੇ ਕੰਮ ਨੂੰ ਧਿਆਨ ਵਿਚ ਰੱਖਦਿਆਂ ਡਿਊਟੀ ਕਰ ਰਹੇ ਸਮੂਹ ਸਟਾਫ ਨੂੰ ਸਕੂਲੀ ਸਮੇਂ ਦੌਰਾਨ ਪਿੱਤਰੀ ਡਿਊਟੀਆਂ ਤੋਂ ਪੂਰੀ ਤਰ੍ਹਾਂ ਫਾਰਗ ਕੀਤਾ ਜਾਵੇ। ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਨੇ ਕਿਹਾ ਕਿ ਪਹਿਲਾਂ ਹੀ ਬਹੁਤ ਸਾਰੇ ਅਧਿਆਪਕਾਂ ਦੀਆਂ ਡਿਊਟੀਆਂ ਮਰਦਮਸ਼ੁਮਾਰੀ 2027 ਤਹਿਤ 15 ਮਈ ਤੋਂ 13 ਜੂਨ 2026 ਤੱਕ ਚੱਲ ਰਹੀਆਂ ਹਨ, ਪਰ ਇਸ ਦੇ ਬਾਵਜੂਦ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੀ ਉਨ੍ਹਾਂ ਦੀਆਂ ਵੱਖਰੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਅਧਿਆਪਕ ਬਤੌਰ ਬੀਐੱਲਓ ਡਿਊਟੀ ਵਜੋਂ ਐੱਸਆਈਆਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕੋ ਸਮੇਂ ਦੋ-ਦੋ ਸਰਕਾਰੀ ਡਿਊਟੀਆਂ ਨਿਭਾਉਣਾ ਅਸੰਭਵ ਹੈ। ਉਨ੍ਹਾਂ ਮੰਗ ਕੀਤੀ ਕਿ ਚੋਣਾਂ ਨਾਲ ਸਬੰਧਤ ਡਿਊਟੀਆਂ ਤੁਰੰਤ ਪ੍ਰਭਾਵ ਨਾਲ ਕੱਟੀਆਂ ਜਾਣ। ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਲੋੜੀਂਦੇ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ ਬਹੁਤ ਜ਼ਰੂਰੀ ਹਨ। ਡੀਟੀਐੱਫ ਵਲੋਂ ਕੀਤੀਆਂ ਅਧਿਆਪਕਾਂ, ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਲੋਂ ਜਲਦ ਹੀ ਢੁੱਕਵੇਂ ਹੱਲ ਕਰਨ ਦਾ ਭਰੋਸਾ ਦਿੱਤਾ।