ਲੂ ਤੇ ਡੀਹਾਈਡਰੇਸ਼ਨ ਤੋਂ ਬਚਾਅ ਜ਼ਰੂਰੀ : ਡਾ. ਕਲੂਚਾ
ਭਿਆਨਕ ਗਰਮੀ ਤੇ ਲਗਾਤਾਰ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਬੱਚਿਆਂ ਦੇ ਮਾਹਿਰ ਡਾ. ਅੰਸ਼ੂ ਬਹਿਲ ਕਲੂਚਾ ਨੇ ਛੋਟੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਵਿਸ਼ੇਸ਼ ਐਡਵਾਇਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਬੱਚਿਆਂ ਵਿੱਚ ਡੀਹਾਈਡਰੇਸ਼ਨ, ਉਲਟੀ-ਦਸਤ, ਬੁਖਾਰ ਅਤੇ ਲੂ ਲੱਗਣ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਹਨ, ਇਸ ਲਈ ਮਾਪਿਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
Publish Date: Wed, 27 May 2026 03:35 PM (IST)
Updated Date: Wed, 27 May 2026 03:37 PM (IST)

ਹੈਪੀ ਕਾਠਪਾਲ, ਪੰਜਾਬੀ ਜਾਗਰਣ ਜਲਾਲਾਬਾਦ : ਭਿਆਨਕ ਗਰਮੀ ਤੇ ਲਗਾਤਾਰ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਬੱਚਿਆਂ ਦੇ ਮਾਹਿਰ ਡਾ. ਅੰਸ਼ੂ ਬਹਿਲ ਕਲੂਚਾ ਨੇ ਛੋਟੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਵਿਸ਼ੇਸ਼ ਐਡਵਾਇਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਬੱਚਿਆਂ ਵਿੱਚ ਡੀਹਾਈਡਰੇਸ਼ਨ, ਉਲਟੀ-ਦਸਤ, ਬੁਖਾਰ ਅਤੇ ਲੂ ਲੱਗਣ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਹਨ, ਇਸ ਲਈ ਮਾਪਿਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਨਵਜਨਮੇ ਅਤੇ ਛੋਟੇ ਬੱਚਿਆਂ ਨੂੰ ਤਿੱਖੀ ਧੁੱਪ ਵਿੱਚ ਬਾਹਰ ਲੈ ਜਾਣ ਤੋਂ ਬਚਣਾ ਚਾਹੀਦਾ ਹੈ। ਖ਼ਾਸ ਕਰਕੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬੱਚਿਆਂ ਨੂੰ ਘਰ ਅੰਦਰ ਹੀ ਰੱਖਣਾ ਬਿਹਤਰ ਹੈ। ਬੱਚਿਆਂ ਨੂੰ ਵੱਧ ਤੋਂ ਵੱਧ ਪਾਣੀ, ਓਆਰਐਸ, ਤਾਜ਼ੇ ਫਲਾਂ ਦਾ ਰਸ ਅਤੇ ਹਲਕਾ ਭੋਜਨ ਦੇਣਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਡਾ. ਅੰਸ਼ੂ ਬਹਿਲ ਕਲੂਚਾ ਨੇ ਕਿਹਾ ਕਿ ਬੱਚਿਆਂ ਨੂੰ ਖੁੱਲ੍ਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ, ਬਾਸੀ ਭੋਜਨ ਅਤੇ ਬਹੁਤ ਠੰਡੀ ਚੀਜ਼ਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਗਰਮੀਆਂ ਵਿੱਚ ਇੰਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ, ਇਸ ਲਈ ਖਾਣ-ਪੀਣ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਜ਼ਰੂਰੀ ਹੈ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿੱਤੀ ਕਿ ਬੱਚਿਆਂ ਦੇ ਆਹਾਰ ਵਿੱਚ ਮੌਸਮੀ ਫਲ, ਦਹੀਂ, ਨਾਰੀਅਲ ਪਾਣੀ, ਖਿਚੜੀ, ਦਲੀਆ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕੀਤੀਆਂ ਜਾਣ। ਜੰਕ ਫੂਡ, ਤਲਿਆ-ਭੁੰਨਿਆ ਭੋਜਨ ਅਤੇ ਕੋਲਡ ਡ੍ਰਿੰਕਸ ਤੋਂ ਬੱਚਿਆਂ ਨੂੰ ਦੂਰ ਰੱਖਣਾ ਉਨ੍ਹਾਂ ਦੀ ਸਿਹਤ ਲਈ ਲਾਭਦਾਇਕ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨੂੰ ਤੇਜ਼ ਬੁਖਾਰ, ਵਾਰ-ਵਾਰ ਉਲਟੀ, ਸੁਸਤੀ, ਸਾਹ ਲੈਣ ਵਿੱਚ ਤਕਲੀਫ਼ ਜਾਂ ਡੀਹਾਈਡਰੇਸ਼ਨ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਹੀ ਖੁਰਾਕ, ਸਫ਼ਾਈ ਅਤੇ ਸਮੇਂ ਸਿਰ ਦੇਖਭਾਲ ਨਾਲ ਬੱਚਿਆਂ ਨੂੰ ਗਰਮੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ।