ਐੱਸਬੀਐੱਸ ਸਟੇਟ ਯੂਨੀਵਰਸਿਟੀ ਵਿਖੇ ‘ਤੇਜਸ’ ਵਰਕਸ਼ਾਪ ਤੇ ਪ੍ਰਦਰਸ਼ਨੀ ਲਗਾਈ
ਐੱਸਬੀਐੱਸ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ‘ਤੇਜਸ’ ਵਰਕਸ਼ਾਪ ਅਤੇ ਪ੍ਰਦਰਸ਼ਨੀ ਦਾ ਸਫਲ ਆਯੋਜਨ
Publish Date: Sat, 09 May 2026 04:12 PM (IST)
Updated Date: Sat, 09 May 2026 04:14 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤ ਸਰਕਾਰ ਦੇ ਉਦਯੋਗ ਤੇ ਅੰਦਰੂਨੀ ਵਪਾਰ ਪ੍ਰੋਤਸਾਹਨ ਵਿਭਾਗ ਦੀ ਇਕ ਪ੍ਰਮੁੱਖ ਪਹਿਲਕਦਮੀ, ‘ਸਟਾਰਟਅੱਪ ਇੰਡੀਆ ਤੇਜਸ ਵਰਕਸ਼ਾਪ ਅਤੇ ਪ੍ਰਦਰਸ਼ਨੀ’ ਦਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ, ਸਟਾਰਟਅੱਪ ਪੰਜਾਬ, ਉਦਯੋਗ ਅਤੇ ਕਾਮਰਸ ਵਿਭਾਗ (ਪੰਜਾਬ ਸਰਕਾਰ) ਅਤੇ ਜ਼ਿਲ੍ਹਾ ਉਦਯੋਗ ਕੇਂਦਰ (ਡੀਆਈਸੀ), ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਉਲੀਕਿਆ ਗਿਆ ਸੀ। ਇਸ ਮੌਕੇ ਪ੍ਰੋ. ਡਾ. ਸੁਰੇਸ਼ ਕੁਮਾਰ ਸ਼ਰਮਾ ਅਤੇ ਹਿਮਾਂਸ਼ੂ ਕਾਦਿਆਨ ਆਈਏਐੱਸ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਉਦਯੋਗ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਸੁਖਰਾਜ ਸਿੰਘ ਵਿਰਕ ਵੱਲੋਂ ਸਮੂਹ ਸਹਿਯੋਗੀ ਸੰਸਥਾਵਾਂ ਅਤੇ ਭਾਈਵਾਲਾਂ ਦੇ ਤਾਲਮੇਲ ਨਾਲ ਕੀਤਾ ਗਿਆ। ਇਸ ਵਰਕਸ਼ਾਪ ਅਤੇ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ, ਉਭਰਦੇ ਉੱਦਮੀਆਂ ਅਤੇ ਸਟਾਰਟਅੱਪ ਸੰਸਥਾਪਕਾਂ ਸਮੇਤ ਲਗਭਗ 200 ਪ੍ਰਤੀਭਾਗੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਸਟਾਰਟਅੱਪ ਪ੍ਰਦਰਸ਼ਨੀ ਦਾ ਦੌਰਾ, ਆਪਸੀ ਨੈੱਟਵਰਕਿੰਗ ਅਤੇ ਉੱਦਮਤਾ, ਨਵੀਨਤਾ ਤੇ ਸਟਾਰਟਅੱਪ ਈਕੋਸਿਸਟਮ ਦੇ ਵਿਕਾਸ ਬਾਰੇ ਮਾਹਿਰਾਂ ਦੇ ਸੈਸ਼ਨ ਕਰਵਾਏ ਗਏ। ਜੈਇਤਾ ਘੋਸ਼ ਅਤੇ ਜੈਸਮੀਨ ਕੌਰ ਵੱਲੋਂ ਇੱਕ ਜ਼ਿਲ੍ਹਾ ਇਕ ਉਤਪਾਦ ਪਹਿਲਕਦਮੀ ’ਤੇ ਇੱਕ ਸੈਸ਼ਨ ਲਿਆ ਗਿਆ, ਜਿਸ ਵਿਚ ਸਥਾਨਕ ਉਤਪਾਦਾਂ ਦੀ ਵੈਲਯੂ ਚੇਨ, ਬ੍ਰਾਂਡਿੰਗ ਅਤੇ ਮਾਰਕੀਟਿੰਗ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਸੌਰਭ ਜੈਨ ਨੇ ਵੀ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ ਅਤੇ ਉੱਦਮਤਾ ਤੇ ਡਿਜੀਟਲ ਨਵੀਨਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਅਮਰਪਾਲ ਸਿੰਘ ਵਾਲੀਆ ਨੇ ‘ਸਟਾਰਟਅੱਪ ਪੰਜਾਬ’ ਅਧੀਨ ਉਪਲਬਧ ਮੌਕਿਆਂ ਬਾਰੇ ਚਾਨਣਾ ਪਾਇਆ, ਜਦਕਿ ਬਿਪੁਲ ਕਨ੍ਹਈਆ ਨੇ ਮਹਿਲਾ ਉੱਦਮਤਾ ਅਤੇ ਨਵੀਨਤਾ ਰਾਹੀਂ ਹੋਣ ਵਾਲੇ ਵਿਕਾਸ ਬਾਰੇ ਸੰਬੋਧਨ ਕੀਤਾ। ਇਹ ਵਰਕਸ਼ਾਪ ਨੌਜਵਾਨਾਂ ਵਿਚ ਉੱਦਮਤਾ ਪ੍ਰਤੀ ਜਾਗਰੂਕਤਾ ਅਤੇ ਸਟਾਰਟਅੱਪ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਉਦੇਸ਼ ਵਿਚ ਪੂਰੀ ਤਰ੍ਹਾਂ ਸਫਲ ਰਹੀ। ਵਿਦਿਆਰਥੀ ਸਟਾਰਟਅੱਪਸ ਨੇ ਪ੍ਰਦਰਸ਼ਨੀ ਵਿਚ ਸਰਗਰਮੀ ਨਾਲ ਹਿੱਸਾ ਲਿਆ। ਸਟਾਰਟਅੱਪ ਪੰਜਾਬ, ਓਡੀਓਪੀ , ਪੇਟੀਐਮ ਅਤੇ ਵੂਮੈਨੋਵੇਟਰ ਵਰਗੇ ਸਹਿਯੋਗੀਆਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ।