‘ਸਾਈਕਲ ਕੈਂਪੇਨ’ ’ਚ 400 ਤੋਂ ਵੱਧ ਸਾਈਕਲਿਸਟਾਂ ਨੇ ਲਿਆ ਹਿੱਸਾ
ਗੁਰੂਹਰਸਹਾਏ ਵਿਖੇ ਵਿਸ਼ਾਲ ‘ਸਾਈਕਲ ਕੈਂਪੇਨ’ ਦਾ ਸਫਲ ਆਯੋਜਨ
Publish Date: Sun, 05 Apr 2026 03:38 PM (IST)
Updated Date: Sun, 05 Apr 2026 03:40 PM (IST)

ਵਧਾਵਨ/ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਰੇਲਵੇ ਪਾਰਕ ਗੁਰੂਹਰਸਹਾਏ ਤੋਂ ਸਿਹਤ ਅਤੇ ਸਮਾਜਿਕ ਜਾਗਰੂਕਤਾ ਨੂੰ ਸਮਰਪਿਤ ਇਕ ਵਿਸ਼ਾਲ ‘ਸਾਈਕਲ ਕੈਂਪੇਨ’ ਦਾ ਆਗਾਜ਼ ਕੀਤਾ ਗਿਆ। ਇਸ ਰੈਲੀ ਨੂੰ ਰਾਜਬੀਰ ਸਿੰਘ ਡੀਐੱਸਪੀ ਅਤੇ ਇੰਜ. ਬਲਬੀਰ ਸਿੰਘ ਵੋਹਰਾ (ਪਿੰਕਾ ਵੋਹਰਾ, ਐੱਸਡੀਓ ਰਿਟਾਇਰਡ) ਨੇ ਸਵੇਰੇ 8 ਵਜੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਆਈਡੀਅਲ ਵਿਲੀਜਰਸ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਦੇ ਮੁੱਖ ਆਗੂ ਗੁਰਪ੍ਰੀਤ ਧਵਨ ਅਤੇ ਸਰਪ੍ਰਸਤ ਇੰਜ. ਪਿੰਕਾ ਵੋਹਰਾ ਦੀ ਇਹ ਦਿਲੀ ਖਵਾਹਿਸ਼ ਸੀ ਕਿ ਇਲਾਕੇ ਦੀ ਬਿਹਤਰੀ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਕ ਮੰਚ ’ਤੇ ਲਿਆਂਦਾ ਜਾਵੇ। ਇਸ ਮਕਸਦ ਵਿਚ ਕਾਮਯਾਬ ਹੁੰਦਿਆਂ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਨੇ ਸਾਰੇ ਆਗੂਆਂ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਸੁਧਾਰ ਅਤੇ ਲੋਕ ਸੇਵਾ ਲਈ ਭਵਿੱਖ ਵਿਚ ਵੀ ਇਸੇ ਤਰ੍ਹਾਂ ਇੱਕਜੁੱਟ ਹੋ ਕੇ ਕੰਮ ਕੀਤਾ ਜਾਵੇ। ਇਹ ਸਾਈਕਲ ਰੈਲੀ ਰੇਲਵੇ ਪਾਰਕ ਤੋਂ ਸ਼ੁਰੂ ਹੋ ਕੇ ਮੁਕਤਸਰ ਰੋਡ ਸਥਿਤ ਗੁਰਦੁਆਰਾ ਬੇਰ ਸਾਹਿਬ ਦੇ ਕੋਲੋਂ ਲੰਘਦੀ ਹੋਈ ਪਿੰਡ ਸ਼ਰੀਂਹ ਵਾਲਾ ਬਰਾੜ ਪਹੁੰਚੀ, ਜਿੱਥੇ ਲਾਡੀ ਧਵਨ ਅਤੇ ਪਿੰਡ ਵਾਸੀਆਂ ਵੱਲੋਂ ਭਰਪੂਰ ਸਵਾਗਤ ਕਰਦਿਆਂ ਜੂਸ, ਫਲ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਰੈਲੀ ਪਿੰਡ ਕਾਹਨ ਸਿੰਘ ਵਾਲਾ ਵਿਖੇ ਪਹੁੰਚੀ, ਜਿੱਥੇ ਚਾਹ ਅਤੇ ਲੱਡੂਆਂ ਨਾਲ ਸਵਾਗਤ ਕਰਦਿਆਂ ਸੋਸਾਇਟੀ ਮੈਂਬਰਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਰੈਲੀ ਪਿੰਡ ਮੋਠਾਂ ਵਾਲਾ ਵਿੱਚੋਂ ਹੁੰਦੀ ਹੋਈ ਤਕਰੀਬਨ 22 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਚੰਦਨ ਪੈਲੇਸ, ਗੁਰੂਹਰਸਹਾਏ ਵਿਖੇ ਪਹੁੰਚ ਕੇ ਸੰਪੰਨ ਹੋਈ। ਸਮਾਪਤੀ ਸਮਾਗਮ ਦੌਰਾਨ ਐੱਸਐੱਸਪੀ ਭੁਪਿੰਦਰ ਸਿੰਘ ਦੇ ਨਾਲ ਇੰਜ. ਬਲਬੀਰ ਸਿੰਘ ਵੋਹਰਾ (ਪਿੰਕਾ ਵੋਹਰਾ), ਡੀਐੱਸਪੀ ਰਾਜਬੀਰ ਸਿੰਘ ਵੱਲੋਂ ਸੱਤ ਸਾਈਕਲਾਂ ਦੇ ਲੱਕੀ ਡ੍ਰਾਅ ਕੱਢੇ ਗਏ ਜੋ ਕਿ ਸੁਖਬੀਰ ਐਗਰੋ ਐਨਰਜੀ ਲਿਮਿਟਿਡ ਵਲੋ ਸਪੌਂਸਰ ਕਿਤੇ ਗਏ ਹਨ ਇਨਾਮ ਵਜੋਂ ਵੰਡੇ ਗਏ। ਇਨ੍ਹਾਂ ਵਿਚ 5 ਸਾਈਕਲ ਮਰਦਾਂ ਲਈ ਅਤੇ 2 ਸਾਈਕਲ ਔਰਤਾਂ ਲਈ ਸਨ। ਰੈਲੀ ਵਿਚ ਸਭ ਤੋਂ ਛੋਟੀ ਉਮਰ ਦੇ 7 ਸਾਲਾ ਬੱਚੇ ਕੀਰਤ ਅਤੇ ਸਭ ਤੋਂ ਵਡੇਰੀ ਉਮਰ ਦੇ 81 ਸਾਲਾ ਬਜ਼ੁਰਗ ਮੋਹਨ ਲਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਫੌਜਾ ਸਿੰਘ ਸਰਾਰੀ, ਆਤਮਜੀਤ ਸਿੰਘ ਡੇਵਿਡ ਪ੍ਰਧਾਨ ਨਗਰ ਕੌਂਸਲ, ਮੌਂਟੂ ਵੋਹਰਾ ਸਾਬਕਾ ਪ੍ਰਧਾਨ, ਜਤਿਨ ਆਵਲਾ, ਦੀਪਕ ਸ਼ਰਮਾ, ਹਰਪਾਲ ਸਿੰਘ ਬੇਦੀ, ਐੱਸਐੱਚਓ ਜਗਦੀਪ ਸਿੰਘ, ਰਮਨ ਬਹਿਲ ਅਤੇ ਹੋਰ ਪਤਵੰਤੇ ਹਾਜ਼ਰ ਸਨ। ਐੱਸਐੱਸਪੀ ਭੁਪਿੰਦਰ ਸਿੰਘ ਨੇ ਆਪਣੇ ਸੰਦੇਸ਼ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਣਾ ਦਿੱਤੀ। ਅੰਤ ਵਿਚ ਸੋਸਾਇਟੀ ਦੇ ਅਹੁਦੇਦਾਰਾਂ ਗੁਰਪ੍ਰੀਤ ਧਵਨ, ਪਿੰਕਾ ਵੋਹਰਾ, ਨੀਰਜ ਸਹਿਗਲ, ਬਬਲਾ ਬੇਦੀ ਅਤੇ ਹੋਰਾਂ ਨੇ ਸਮੁੱਚੇ ਸਿਵਲ ਤੇ ਪੁਲਿਸ ਪ੍ਰਸ਼ਾਸਨ, ਸਪਾਂਸਰਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ।