ਡੀਸੀਐੱਮ ਗਰੁੱਪ ਦੇ ਸਕੂਲਾਂ ’ਚ ਨਵੇਂ ਸੈਸ਼ਨ 2026-27 ਦਾ ਆਗਾਜ਼
ਸਿੱਖਿਆ ਸੈਸ਼ਨ 2026-27 ਦੇ ਆਗਾਜ਼ ’ਤੇ ਡੀਸੀਐੱਮ ਗਰੁੱਪ ਦੇ ਸਕੂਲਾਂ ਵਿਚ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ
Publish Date: Sat, 04 Apr 2026 05:16 PM (IST)
Updated Date: Sat, 04 Apr 2026 05:19 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿੱਖਿਆ ਸੈਸ਼ਨ 2026-27 ਦੇ ਆਗਾਜ਼ ’ਤੇ ਡੀਸੀਐੱਮ ਗਰੁੱਪ ਆਫ਼ ਸਕੂਲਜ਼ ਦੇ ਸਕੂਲਾਂ ਵਿਚ ਵਿਦਿਆਰਥੀਆਂ ਦਾ ਪਹਿਲੇ ਦਿਨ ਆਉਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿੱਥੇ ਵਿਦਿਆਰਥੀਆਂ ਦੇ ਤਿਲਕ ਲਗਾਇਆ ਗਿਆ, ਉੱਥੇ ਹੀ ਸਕੂਲਾਂ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਵੀ ਆਯੋਜਿਤ ਕੀਤੀ ਗਈ। ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੀ ਪ੍ਰਿੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਸਕੂਲ ਵਿਚ ਸਟਾਫ਼ ਅਤੇ ਵਿਦਿਆਰਥੀਆਂ ਨੇ ਭਗਵਾਨ ਗਣੇਸ਼ ਅਤੇ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੇ ਸਨਮੁੱਖ ਪ੍ਰਾਰਥਨਾ ਕੀਤੀ। ਵਿਦਿਆਰਥੀਆਂ ਦੇ ਪਹਿਲੇ ਦਿਨ ਸਕੂਲ ਆਉਣ ’ਤੇ ਸਟਾਫ਼ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੂੰ ਸਕੂਲ ਦੇ ਪੂਰੇ ਸਟਾਫ਼ ਨਾਲ ਜਾਣੂ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੇ ਵੀ ਇਕ-ਦੂਜੇ ਨਾਲ ਜਾਣ-ਪਛਾਣ ਕੀਤੀ ਤਾਂ ਜੋ ਉਹ ਆਪਸ ਵਿਚ ਮਿਲ-ਜੁਲ ਸਕਣ। ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਖੁਦ ਵਿਦਿਆਰਥੀਆਂ ਨੂੰ ਤਿਲਕ ਲਗਾਉਣ ਤੋਂ ਇਲਾਵਾ ਇਲਾਇਚੀ ਅਤੇ ਮਿਸ਼ਰੀ ਖੁਆ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਕਿ ਸਕੂਲ ਆ ਕੇ ਹੀ ਵਿਦਿਆਰਥੀ ਸਕੂਲੀ ਸਿੱਖਿਆ ਤੋਂ ਇਲਾਵਾ ਨੈਤਿਕ ਸਿੱਖਿਆ ਹਾਸਲ ਕਰਦਾ ਹੈ, ਇਸ ਲਈ ਸਕੂਲ ਨੂੰ ਸਿੱਖਿਆ ਦਾ ਮੰਦਰ ਕਿਹਾ ਜਾਂਦਾ ਹੈ। ਡੀਸੀਐੱਮ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਸਿੱਖਿਆ ਸੈਸ਼ਨ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਸਕੂਲ ਆ ਕੇ ਇਕ ਵਾਰ ਫਿਰ ਨਵੀਂ ਜਮਾਤ ਵਿਚ ਆਪਣਾ ਸਫ਼ਰ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਪੂਰੇ ਸਟਾਫ਼ ਨੇ ਆਪਣੇ ਵਿਦਿਆਰਥੀ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਕੂਲ ਵਿਚ ਮਿਲਣ ਵਾਲੀਆਂ ਸਹੂਲਤਾਂ ਤੋਂ ਇਲਾਵਾ ਸਟਾਫ਼ ਨਾਲ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਵੀ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।