ਮਨੋਹਰ ਲਾਲ ਸਕੂਲ ਦੇ ਵਿਦਿਆਰਥੀਆਂ ਨੇ ਗੱਡੇ ਸਫ਼ਲਤਾ ਦੇ ਝੰਡੇ
ਮਨੋਹਰ ਲਾਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆਵਾਂ ਵਿੱਚ ਗੱਡੇ ਸਫ਼ਲਤਾ ਦੇ ਝੰਡੇ
Publish Date: Thu, 14 May 2026 03:57 PM (IST)
Updated Date: Fri, 15 May 2026 04:00 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਮਨੋਹਰ ਲਾਲ ਸੀਨੀਅਰ ਸੈਕੰਡਰੀ ਸਕੂਲ, ਫਿਰੋਜ਼ਪੁਰ ਕੈਂਟ ਨੇ ਇਕ ਵਾਰ ਫਿਰ ਸਿੱਖਿਆ ਦੇ ਖੇਤਰ ਵਿਚ ਆਪਣੀ ਸਰਵੋਤਮਤਾ ਸਾਬਤ ਕਰ ਦਿੱਤੀ ਹੈ। ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾ ਸਿਰਫ਼ ਸੰਸਥਾ ਦਾ ਮਾਣ ਵਧਾਇਆ ਹੈ, ਸਗੋਂ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ। ਸਕੂਲ ਦੇ ਵੱਖ-ਵੱਖ ਵਿਸ਼ਿਆਂ (ਸਟਰੀਮਜ਼) ਵਿਚ ਟਾਪ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੀ ਸਖ਼ਤ ਮਿਹਨਤ ਨਾਲ ਵਿਲੱਖਣ ਪੈੜਾਂ ਪਾਈਆਂ ਹਨ। ਕਾਮਰਸ ਵਿਭਾਗ ’ਚ ਵਿਦਿਆਰਥੀ ਮੰਥਨ ਨੇ 92 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਾਇੰਸ ਵਿਭਾਗ ’ਚ ਵਿਦਿਆਰਥੀ ਸਕਸ਼ਮ ਚੋਪੜਾ ਨੇ ਆਪਣੀ ਲਗਨ ਸਦਕਾ 88 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮੱਲਾਂ ਮਾਰੀਆਂ। ਆਰਟਸ ਵਿਭਾਗ ਪ੍ਰਤੀਸ਼ਤ ਵਿਦਿਆਰਥੀ ਪਵਨ ਨੇ 86 ਪ੍ਰਤੀਸ਼ਤ ਅੰਕਾਂ ਨਾਲ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮਾਣਮੱਤੇ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਸੁਧੀਰ ਕੁਮਾਰ ਧਵਨ ਨੇ ਸਮੂਹ ਸਫ਼ਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕ ਵਰਗ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਦਾ ਸਿੱਟਾ ਹੈ। ਪ੍ਰਿੰਸੀਪਲ ਸੁਧੀਰ ਕੁਮਾਰ ਧਵਨ ਨੇ ਸੰਬੋਧਨ ਕਰਦਿਆਂ ਕਿਹਾ ਸਾਡਾ ਮੁੱਖ ਉਦੇਸ਼ ਸਿਰਫ਼ ਕਿਤਾਬੀ ਗਿਆਨ ਦੇਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਨ੍ਹਾਂ ਬੱਚਿਆਂ ਨੇ ਅੱਜ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਨੇਕ ਹੋਣ ਅਤੇ ਕੋਸ਼ਿਸ਼ ਨਿਰੰਤਰ ਹੋਵੇ, ਤਾਂ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਸਕੂਲ ਕੈਂਪਸ ਵਿਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਸਫ਼ਲ ਵਿਦਿਆਰਥੀਆਂ ਨੇ ਆਪਣੀ ਜਿੱਤ ਦੀ ਖੁਸ਼ੀ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ਼ ਨਾਲ ਸਾਂਝੀ ਕੀਤੀ। ਅਧਿਆਪਕਾਂ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।