ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਬੋਰਡ ਪ੍ਰੀਖਿਆ ’ਚ ਮਾਰੀਆਂ ਮੱਲਾਂ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।
Publish Date: Wed, 13 May 2026 06:44 PM (IST)
Updated Date: Wed, 13 May 2026 06:45 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਜਿਥੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉਥੇ ਮੈਰਿਟ ਵਿੱਚ ਆਏ 13 ਵਿਦਿਆਰਥੀਆਂ ਵਿੱਚੋਂ 10 ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹਨ। ਜਿਲੇ ਲਈ ਇਸ ਮਾਣਮੱਤੀ ਪ੍ਰਾਪਤੀ ਨਾਲ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਵਿੱਚ ਖੁਸ਼ੀ ਨਜ਼ਰ ਆ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਕੁੱਲ 9,745 ਵਿਦਿਆਰਥੀਆਂ ਨੇ ਪੇਪਰ ਦਿੱਤਾ ਅਤੇ ਜਿਸ ਵਿੱਚੋਂ 9148 ਵਿਦਿਆਰਥੀਆਂ ਪਾਸ ਹੋ ਕੇ 93.87% ਨਤੀਜਾ ਪ੍ਰਾਪਤ ਕੀਤਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਲਬਧੀ ਹੈ। ਇਹ ਨਤੀਜੇ ਜ਼ਿਲ੍ਹੇ ਦੇ ਸਿੱਖਿਆ ਮਿਆਰ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਮਿਹਨਤੀ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਲਿਸਟ ਵਿੱਚ ਸਥਾਨ ਹਾਸਿਲ ਕਰਕੇ ਨਾ ਸਿਰਫ ਆਪਣੇ ਪਰਿਵਾਰਾਂ, ਸਕੂਲਾਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਪੂਰੇ ਜ਼ਿਲ੍ਹੇ ਨੂੰ ਮਾਣ ਮਹਿਸੂਸ ਕਰਵਾਇਆ ਹੈ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨੂੰ ਸਿੱਖਿਆ ਖੇਤਰ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਗੁਣਵੱਤਾ ਭਰਪੂਰ ਸਿੱਖਿਆ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਸਕਾਰਾਤਮਕ ਪ੍ਰਭਾਵ ਹੁਣ ਸਾਫ਼ ਤੌਰ ‘ਤੇ ਨਤੀਜਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਆਧੁਨਿਕ ਪੜ੍ਹਾਈ ਦੇ ਢੰਗ, ਸਮੇਂ-ਸਮੇਂ ‘ਤੇ ਕਰਵਾਈਆਂ ਜਾਣ ਵਾਲੀਆਂ ਅਕਾਦਮਿਕ ਗਤੀਵਿਧੀਆਂ ਅਤੇ ਅਧਿਆਪਕਾਂ ਦੀ ਲਗਾਤਾਰ ਮਾਨੀਟਰਿੰਗ ਕਾਰਨ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਮਜ਼ਬੂਤ ਹੋਈ ਹੈ। ਜਿਕਰਯੋਗ ਹੈ ਕਿ ਜ਼ਿਲ੍ਹੇ ਦੇ ਮੈਰਿਟ ਵਿਚ ਆਏ ਵਿਦਿਆਰਥੀਆਂ ਵਿੱਚੋਂ 4 ਵਿਦਿਆਰਥੀ ਸਰਕਾਰੀ ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ,3 ਵਿਦਿਆਰਥੀ ਸਕੂਲ ਆਫ ਐਮੀਨੈਂਸ ਅਤੇ 3 ਵੱਖ ਵੱਖ ਸਰਕਾਰੀ ਸਕੂਲਾਂ ਦੇ ਹਨ ,ਜਦਕਿ 3 ਵਿਦਿਆਰਥੀ ਵੱਖ ਵੱਖ ਪ੍ਰਾਈਵੇਟ ਸਕੂਲਾਂ ਤੋਂ ਹਨ। ਮੈਰਿਟ ’ਚ ਸ਼ੁਮਾਰ ਵਿਦਿਆਰਥੀ 1-ਸ਼ੀਤਲ ਸ਼ਰਮਾ , ਸ਼ਹੀਦ ਗੁਰਦਾਸ ਰਾਮ ਮੈਮਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ (ਹਿਊਮੈਨੀਟੀਜ਼ ) 2-ਰਾਮ ਨਿਵਾਸ , ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ (ਸਾਈਂਸ) 3-ਮਨੀਤ ਕੌਰ , ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ (ਸਾਈਂਸ) 4-ਜਪਨੀਤ ਕੌਰ, ਕਿੰਡਰਗਾਰਟਨ ਸੀਨੀਅਰ ਸੈਕੰਡਰੀ ਸਕੂਲ ਮਖੂ ਦੀ ਵਿਦਿਅਰਥਣ (ਸਾਈਂਸ) 5-ਲਵਲੀਨ ਕੌਰ, ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ (ਸਾਈਂਸ) 6-ਪ੍ਰਾਚੀ ਸਿੰਘ, ਜੀਐੱਸਐੱਸਐੱਸ ਫਿਰੋਜ਼ਪੁਰ ਸਕੂਲ ਦੀ ਵਿਦਿਆਰਥਣ (ਹਿਊਮੈਨੀਟੀਜ਼ ) 7-ਸੰਜੀਤਾ ਕੌਰ, ਸਕੂਲ ਆਫ ਐਮੀਨੈਂਸ, ਗੁਰੂਹਰਸਹਾਏ (ਸਾਈਂਸ) 8-ਮਨਮੀਤ ਕੌਰ , ਸਕੂਲ ਆਫ ਐਮੀਨੈਂਸ, ਗੁਰੂਹਰਸਹਾਏ (ਹਿਊਮੈਨੀਟੀਜ਼ ) 9-ਹਰਮਨਦੀਪ ਕੌਰ, ਸਾਰਾਗੜ੍ਹੀ ਮੈਮੌਰੀਅਲ ਮੈਰੀਟੋਰੀਅਸ ਸਕੂਲ (ਸਾਈਂਸ) 10-ਸਾਕਸ਼ੀ , ਸਕੂਲ ਆਫ ਐਮੀਨੈਂਸ, ਮਮਦੋਟ (ਸਾਈਂਸ) 11- ਮਨਦੀਪ ਕੋਰ , ਜੀਐੱਸਐੱਸਐੱਸ ਸਕੂਲ ਨੂਰਪੁਰ ਸੇਠਾਂ (ਸਾਈਂਸ) 12-ਨਾਈਸਾ ਗੋਇਲ , ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਸਾਈਂਸ) 13- ਸਾਜਨ ਕੰਬੋਜ਼, ਡੀਸੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਗੋਲੂ ਕਾ (ਹਿਊਮੈਨੀਟੀਜ਼ )