‘ਭਾਰਤ ਕੋ ਜਾਣੋ’ ਤਹਿਤ ਫ਼ਿਰੋਜ਼ਪੁਰ ਆਉਣ ਲੱਗੇ ਸੈਲਾਨੀ
ਹਿਮਾਚਲ ਤੋਂ ਆਏ ਵਿਦਿਆਰਥੀਆਂ ਨੇ ਫਿਰੋਜ਼ਪੁਰ ਦੇ ਵਿਰਾਸਤੀ ਸਥਾਨਾਂ ਦਾ ਕੀਤਾ ਦੌਰਾ
Publish Date: Sat, 16 May 2026 04:51 PM (IST)
Updated Date: Sat, 16 May 2026 04:51 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅਮੀਰ ਵਿਰਾਸਤ ਨਾਲ ਸਬੰਧਤ ਫਿਰੋਜ਼ਪੁਰ ਸ਼ਹਿਰ ਹੁਣ ਹੌਲੀ-ਹੌਲੀ ਵਿਸ਼ਵ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਨ ਲੱਗਾ ਹੈ। ਭਾਰਤ-ਪਾਕਿਸਤਾਨ ਸਰਹੱਦ ’ਤੇ ਵੱਸੇ ਇਸ ਸ਼ਹਿਰ ਦੀਆਂ ਵਿਰਾਸਤੀ ਥਾਵਾਂ ਨੂੰ ਵੇਖਣ ਲਈ ਭਾਰਤ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਆਉਣੇ ਸ਼ੁਰੂ ਹੋ ਗਏ ਹਨ। ਭਾਰਤ ਸਰਕਾਰ ਦੀ ਸਕੀਮ ‘ਭਾਰਤ ਨੂੰ ਜਾਣੋਂ’ ਤਹਿਤ ਵੱਖ-ਵੱਖ ਸਟੇਟਾਂ ਦੇ ਅਧਿਆਪਕ ਤੇ ਵਿਦਿਆਰਥੀ ਫਿਰੋਜ਼ਪੁਰ ਦੇ ਇਤਿਹਾਸਕ ਤੇ ਵਿਰਾਸਤੀ ਸਥਾਨਾਂ ਨੂੰ ਦੇਖਣ ਵੱਲ ਰੁਚਿਤ ਹੋ ਰਹੇ ਹਨ। ਪਿਛਲੇ ਦਿਨੀਂ ਹਿਮਾਚਲ ਦੇ ਵੱਖ-ਵੱਖ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਵਿਦਿਆਰਥੀ ਡਾ੍. ਅਮਰੀਕ ਸਿੰਘ ਸ਼ੇਰ ਖਾਂ ਦੀ ਅਗਵਾਈ ਹੇਠ ਫਿਰੋਜ਼ਪੁਰ ਪਹੁੰਚੇ। ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ‘ਬਿਗਨਿੰਗ ਆਫ ਭਾਰਤੀ ਰੇਲਵੇ’ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤ-ਪਾਕਿ ਸਰਹੱਦ ਹੁਸੈਨੀਵਾਲਾ ਦੇ ਨੇੜੇ ਸ਼ਹੀਦੀ ਸਮਾਰਕ ’ਤੇ ਪਹੁੰਚ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹੀਦੀ ਨੂੰ ਨਮਨ ਕੀਤਾ। ਬੀ੍ਹ.ਕੇ ਦੱਤ ਅਤੇ ਪੰਜਾਬ ਮਾਤਾ ਵਿੱਦਿਆਵੰਤੀ ਦੀਆਂ ਸਮਾਧੀਆਂ ਸਬੰਧੀ ਵੀ ਜਾਣਕਾਰੀ ਦਿੱਤੀ। ਹੁਸੈਨੀਵਾਲਾ ਸਰਹੱਦ ਤੋਂ ਬਾਅਦ ਵਿਦਿਆਰਥੀਆਂ ਵਿਚ ਸਾਰਾਗੜ੍ਹੀ ਸਮਾਰਕ ਨੂੰ ਦੇਖਣ ਦਾ ਬੜਾ ਚਾਅ ਸੀ। ਵਿਦਿਆਰਥੀ ਅਕਸ਼ੈ ਕੁਮਾਰ ਦੇ ਨਾਇਕਤਵ ਵਾਲੀ ‘ਕੇਸਰੀ’ ਫਿਲਮ ’ਚ ਦਿਖਾਈ ਸਾਰਾਗੜ੍ਹੀ ਦੇ ਯੋਧਿਆਂ ਦੀ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਇਨ੍ਹਾਂ ਯੋਧਿਆਂ ਦੀ ਯਾਦ ’ਚ ਬਣੇ ਸਮਾਰਕ ਦੇਖਣ ਲਈ ਬਹੁਤ ਰੁਚਿਤ ਸਨ। ਗੁਰਦੁਆਰਾ ਸਾਰਾਗੜ੍ਹੀ ਪਹੁੰਚ ਕੇ ਵਿਦਿਆਰਥੀਆਂ ਨੇ ‘ਸਾਰਾਗੜ੍ਹੀ ਮਿਊਜ਼ੀਅਮ’ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਗੁਰਦੁਆਰਾ ਸਾਰਾਗੜ੍ਹੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਭਾਈ ਬਿਲੰਬਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਸਾਰਾਗੜ੍ਹੀ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਮੌਕੇ ਹਿਮਾਚਲ ਤੋਂ ਆਏ ਅਧਿਆਪਕ ਸਾਹਿਬਾਨ ਸਵਰਾਜ ਸਿੰਘ ਘੁਲਾਲ, ਸ਼ਕੁੰਤਲਾ ਦੇਵੀ, ਰਚਨਾ ਦੇਵੀ ਆਦਿ ਸਟਾਫ ਮੈਂਬਰ ਮੌਜ਼ੂਦ ਸਨ। ਵਿਦਿਆਰਥੀਆਂ ਨੂੰ ਫ਼ਿਰੋਜ਼ਪੁਰ ਦੇ ‘ਸੈਰ ਸਪਾਟਾ’ ਸਥਾਨਾਂ ਤੇ ਲੈ ਕੇ ਆਉਣ ਵਾਲੇ ਡਾ. ਅਮਰੀਕ ਸਿੰਘ ਸ਼ੇਰ ਖਾਂ ਨੇ ਇਸ ਸਬੰਧੀ ਆਖਿਆ ਕਿ ਆਪਣੀ ਮਿੱਟੀ ਲਈ ਹਰ ਵਿਅਕਤੀ ਨੂੰ ਕੋਈ ਨਾ ਕੋਈ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ।