ਤੇਜ਼ ਹਵਾਵਾਂ ਤੇ ਬੇਮੌਸਮੇ ਮੀਂਹ ਦਾ ਕਹਿਰ
ਤੇਜ਼ ਹਵਾਵਾਂ ਤੇ ਬੇਮੌਸਮੇ ਮੀਂਹ ਦਾ ਕਹਿਰ
Publish Date: Sat, 04 Apr 2026 04:11 PM (IST)
Updated Date: Sat, 04 Apr 2026 04:13 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਪੱਕਣ ਦੇ ਅਖੀਰਲੇ ਪੜਾਅ ’ਚ ਖੜੀਆਂ ਕਣਕ ਅਤੇ ਸਰੋਂ ਦੀਆਂ ਫਸਲਾਂ ਖੇਤਾਂ ਵਿੱਚ ਪੂਰੀ ਤਰ੍ਹਾਂ ਵਿੱਛ ਗਈਆਂ ਹਨ, ਜਿਸ ਕਾਰਨ ਕਿਸਾਨ ਭਾਰੀ ਸਦਮੇ ਅਤੇ ਚਿੰਤਾ ਵਿਚ ਡੁੱਬੇ ਹੋਏ ਹਨ। ਇਸ ਤੋਂ ਇਲਾਵਾ ਮੀਂਹ ਅਤੇ ਹਨੇਰੀ ਦੇ ਦੋਹਰੇ ਕਹਿਰ ਨਾਲ ਹਰਾ ਚਾਰਾ, ਸਬਜ਼ੀਆਂ ਅਤੇ ਆਲੂਆਂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ ਹੈ। ਖ਼ਾਸ ਕਰਕੇ ਆਲੂਆਂ ਵਾਲੇ ਖੇਤਾਂ ਵਿਚ ਪਾਣੀ ਖੜ੍ਹ ਜਾਣ ਕਾਰਨ ਚੁਗਾਈ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਵੀ ਡਗਮਗਾ ਗਈ ਹੈ। ਪਿੰਡ ਸ਼ਾਹ ਵਾਲਾ ਦੇ ਕਿਸਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਮੰਗਲ ਸਿੰਘ ਸੰਧੂ ਨੇ ਕਿਹਾ ਕਿ ਇੱਕ ਪਾਸੇ ਕੁਦਰਤੀ ਆਫ਼ਤਾਂ ਅਤੇ ਦੂਜੇ ਪਾਸੇ ਸਰਕਾਰੀ ਨੀਤੀਆਂ ਦੇ ਅਸਰ ਨਾਲ ਕਿਸਾਨੀ ਲਗਾਤਾਰ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਧਦੀ ਗਰਮੀ ਕਾਰਨ ਫਸਲਾਂ ਜਲਦੀ ਪੱਕਣ ਲੱਗੀਆਂ ਅਤੇ ਹੁਣ ਮੀਂਹ ਤੇ ਹਵਾਵਾਂ ਨੇ ਉਨ੍ਹਾਂ ਨੂੰ ਢਾਹ ਦਿੱਤਾ, ਜਿਸ ਨਾਲ ਦਾਣਾ ਕਮਜ਼ੋਰ ਹੋਣ ਅਤੇ ਘੱਟ ਝਾੜ ਨਿਕਲਣ ਦੇ ਖ਼ਤਰੇ ਵਧ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਆਲੂਆਂ ਦੀ ਫਸਲ ਨੂੰ ਪਹਿਲਾਂ ਹੀ ਮੰਡੀ ਵਿੱਚ ਵਾਜਬ ਭਾਅ ਨਹੀਂ ਮਿਲ ਰਿਹਾ ਸੀ ਅਤੇ ਹੁਣ ਮੀਂਹ ਦੇ ਪਾਣੀ ਨਾਲ ਫਸਲ ਖਰਾਬ ਹੋਣ ਦਾ ਡਰ ਹੋਰ ਵੀ ਗੰਭੀਰ ਬਣ ਗਿਆ ਹੈ। ਕਈ ਗਰੀਬ ਕਿਸਾਨਾਂ ਨੇ ਮਹਿੰਗੇ ਭਾਅ ’ਤੇ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕੀਤੀ ਸੀ, ਪਰ ਹੁਣ ਉਹਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਰਾਬ ਹੋਈਆਂ ਫਸਲਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਸੰਭਾਲਿਆ ਜਾ ਸਕੇ।