ਤੇਜ਼ ਹਵਾਵਾਂ ਕਾਰਨ ਸੋਲਰ ਪੈਨਲ ਟੁੱਟੇ, ਘਰਾਂ ਦੀਆਂ ਕੰਧਾਂ ਡਿੱਗੀਆਂ ਤੇ ਦਰੱਖਤ ਨੁਕਸਾਨੇ
ਤੂਫਾਨ ਤੇ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸੁਪਨੇ ਕੀਤੇ ਚਕਨਾਚੂਰ, ਸੋਲਰ ਪੈਨਲਾਂ ਸਮੇਤ ਲੱਖਾਂ ਦਾ ਨੁਕਸਾਨ
Publish Date: Sat, 30 May 2026 05:07 PM (IST)
Updated Date: Sat, 30 May 2026 05:11 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਜ਼ਿਲ੍ਹੇ ਅੰਦਰ 28 ਮਈ ਨੂੰ ਆਏ ਭਿਆਨਕ ਤੂਫਾਨ, ਤੇਜ਼ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ। ਇਸ ਕੁਦਰਤੀ ਆਫ਼ਤ ਨੇ ਸੀਤੋ ਗੁੰਨੋ, ਮਹਿਰਾਣਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ ਹੈ। ਤੇਜ਼ ਹਵਾਵਾਂ ਕਾਰਨ ਸੋਲਰ ਪੈਨਲ ਟੁੱਟ ਗਏ, ਘਰਾਂ ਦੀਆਂ ਕੰਧਾਂ ਢਹਿ ਗਈਆਂ ਅਤੇ ਕਈ ਦਰੱਖਤ ਜੜ੍ਹਾਂ ਸਮੇਤ ਉਖੜ ਗਏ। ਇਸ ਤਬਾਹੀ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਹਿਰਾਣਾ ਪਿੰਡ ਦੇ ਵਸਨੀਕ ਓਮ ਪ੍ਰਕਾਸ਼ ਦੇ ਪੁੱਤਰ ਅਰਵਿੰਦ ਕੁਮਾਰ ਨੇ ਸੀਤੋ ਗੁੰਨੋ ਵਿਖੇ ਖੇਤੀਬਾੜੀ ਲਈ ਸੋਲਰ ਪੈਨਲ ਲਗਾਏ ਹੋਏ ਸਨ। ਭਿਆਨਕ ਤੂਫਾਨ ਦੌਰਾਨ ਇਹ ਸੋਲਰ ਪੈਨਲ ਬੁਰੀ ਤਰ੍ਹਾਂ ਨੁਕਸਾਨੇ ਗਏ, ਜਿਸ ਕਾਰਨ ਉਸ ਨੂੰ ਕਰੀਬ ਡੇਢ ਤੋਂ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਕਿਸਾਨ ਰਾਮ ਕੁਮਾਰ, ਜੋ ਆਪਣੀ ਕੋਈ ਖੇਤੀਯੋਗ ਜ਼ਮੀਨ ਨਾ ਹੋਣ ਕਾਰਨ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ, ਨੂੰ ਵੀ ਵੱਡਾ ਝਟਕਾ ਲੱਗਾ ਹੈ। ਉਸ ਨੇ ਖੇਤੀਬਾੜੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਬੈਂਕ ਤੋਂ ਕਰਜ਼ਾ ਲੈ ਕੇ ਸੋਲਰ ਪੈਨਲ ਲਗਾਏ ਸਨ। ਪਰ ਤੂਫਾਨ ਅਤੇ ਗੜੇਮਾਰੀ ਕਾਰਨ ਇਹ ਪੈਨਲ ਪੂਰੀ ਤਰ੍ਹਾਂ ਤਬਾਹ ਹੋ ਗਏ। ਇਸ ਨਾਲ ਉਸ ਨੂੰ ਕਰੀਬ 7 ਤੋਂ 8 ਲੱਖ ਰੁਪਏ ਦਾ ਸਿੱਧਾ ਨੁਕਸਾਨ ਹੋਇਆ ਹੈ। ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦਬੇ ਕਿਸਾਨ ਲਈ ਇਹ ਆਫ਼ਤ ਵੱਡੇ ਆਰਥਿਕ ਸੰਕਟ ਦਾ ਕਾਰਨ ਬਣ ਗਈ ਹੈ। ਤੂਫਾਨ ਦਾ ਅਸਰ ਸਿਰਫ਼ ਖੇਤੀ ਤੱਕ ਹੀ ਸੀਮਤ ਨਹੀਂ ਰਿਹਾ। ਤੇਜ਼ ਹਵਾਵਾਂ ਕਾਰਨ ਬਜਰੰਗ ਮੰਡੋਰਾ ਦੇ ਘਰ ਦੀ ਕੰਧ ਢਹਿ ਗਈ, ਜਦਕਿ ਕਈ ਹੋਰ ਥਾਵਾਂ ’ਤੇ ਵੀ ਮਕਾਨਾਂ ਅਤੇ ਹੋਰ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ। ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਖੜ੍ਹੇ ਵੱਡੇ ਦਰੱਖਤ ਉਖੜ ਜਾਣ ਕਾਰਨ ਹਰਿਆਲੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ ਅਤੇ ਕਈ ਰਸਤੇ ਰੁਕਾਵਟਾਂ ਕਾਰਨ ਪ੍ਰਭਾਵਿਤ ਹੋਏ। ਪ੍ਰਭਾਵਿਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਵਿਸ਼ੇਸ਼ ਸਰਵੇਖਣ ਕਰਵਾਉਣ ਲਈ ਤੁਰੰਤ ਟੀਮਾਂ ਭੇਜੀਆਂ ਜਾਣ। ਉਨ੍ਹਾਂ ਕਿਹਾ ਕਿ ਠੇਕੇ ’ਤੇ ਖੇਤੀ ਕਰਨ ਵਾਲੇ ਅਤੇ ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਨੁਕਸਾਨੇ ਗਏ ਸੋਲਰ ਪੈਨਲਾਂ, ਮਕਾਨਾਂ ਅਤੇ ਹੋਰ ਜਾਇਦਾਦ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।