ਕਾਸੋ ਆਪ੍ਰੇਸ਼ਨ ’ਚ ਖਾਲੀ ਥਾਵਾਂ, ਇਮਾਰਤਾਂ ਤੇ ਘਰਾਂ ਦੀ ਲਈ ਤਲਾਸ਼ੀ
ਜਲਾਲਾਬਾਦ ਦੀ ਗੋਬਿੰਦ ਨਗਰੀ ’ਚ ਪੁਲਸ ਪ੍ਰਸਾਸ਼ਨ ਵੱਲੋਂ ਚਲਾਏ ਗਏ ਕਾਸੋ ਆਪਰੇਸ਼ਨ ਦੀ ਕਮਾਂਡ ਐਸ.ਐਸ.ਪੀ ਫ਼ਾਜ਼ਿਲਕਾ ਗੁਰਮੀਤ ਸਿੰਘ ਨੇ ਖੁਦ ਸੰਭਾਂਲੀ
Publish Date: Sun, 26 Apr 2026 04:00 PM (IST)
Updated Date: Mon, 27 Apr 2026 04:04 AM (IST)

ਬੰਪਲ ਭਠੇਜਾ, ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੀ ਗੋਬਿੰਦ ਨਗਰੀ ਅਤੇ ਨਾਲ ਲੱਗਦੇ ਸ਼ੱਕੀ ਏਰੀਆ ’ਚ ਵੱਡੇ ਪੱਧਰ ’ਤੇ ਕਾਸੋ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਇਲਾਕੇ ਦੇ ਸ਼ੱਕੀ ਥਾਵਾਂ, ਸ਼ੱਕੀ ਘਰਾਂ ਅਤੇ ਖਾਲੀ ਪਈਆਂ (ਅਬੰਡਨਡ) ਇਮਾਰਤਾਂ ’ਚ ਵਿਸਥਾਰ ਨਾਲ ਤਲਾਸ਼ੀ ਮੁਹਿੰਮ ਚਲਾਈ। ਆਪਰੇਸ਼ਨ ਦੀ ਕਮਾਂਡ ਜ਼ਿਲ੍ਹਾ ਫਾਜ਼ਿਲਕਾ ਦੇ ਐੱਸਐੱਸਪੀ ਗੁਰਮੀਤ ਸਿੰਘ , ਸਬ ਡਵੀਜ਼ਨ ਜਲਾਲਾਬਾਦ ਦੇ ਡੀਐੱਸਪੀ ਗੁਰਸੇਵਕ ਸਿੰਘ ਬਰਾੜ ਵੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਮੌਜੂਦ ਰਹੇ। ਇਸ ਵੱਡੇ ਆਪਰੇਸ਼ਨ ’ਚ 5 ਥਾਣਿਆਂ ਦੇ ਐੱਸਐੱਚਓ ਸਮੇਤ ਕਰੀਬ 200 ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਐੱਨਟੀਐੱਫ (ਨਾਰਕੋਟਿਕਸ ਟਾਸਕ ਫੋਰਸ) ਦੀ ਟੀਮ ਵੀ ਖਾਸ ਤੌਰ ‘ਤੇ ਮੌਕੇ ‘ਤੇ ਤਾਇਨਾਤ ਰਹੀ। ਅੱਜ ਦਾ ਅਪਰੇਸ਼ਨ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਰਚ ਅਭਿਆਨ ਕਈ ਘੰਟਿਆਂ ਤੱਕ ਚਲਾਇਆ ਗਿਆ ਜਿਸ ਦੌਰਾਨ ਇਲਾਕੇ ਦੇ ਅਨੇਕਾਂ ਸ਼ੱਕੀ ਘਰਾਂ ਅਤੇ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸਐੱਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਥਾਵਾਂ ਨੂੰ ਟਾਰਗੇਟ ਕੀਤਾ ਗਿਆ ਜਿੱਥੇ ਪਹਿਲਾਂ ਨਸ਼ਾ ਸੇਵਨ ਕਰਨ ਵਾਲਿਆਂ ਦੇ ਇਕੱਠੇ ਹੋਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਹਨ। ਉਨ੍ਹਾਂ ਅੱਗੇ ਆਖਿਆ ਕਿ ਇਸ ਤੋਂ ਇਲਾਵਾ ਕਈ ਅਜਿਹੀਆਂ ਅਬੰਡਨਡ ਇਮਾਰਤਾਂ ਅਤੇ ਸੁੰਨੀਆਂ ਥਾਵਾਂ ਨੂੰ ਵੀ ਖੰਗਾਲਿਆ ਗਿਆ ਜਿੱਥੇ ਕਿ ਅਪਰਾਧਿਕ ਤੱਤਾਂ ਦੇ ਛੁਪਣ ਜਾਂ ਗੈਰਕਾਨੂੰਨੀ ਗਤੀਵਿਧੀਆਂ ਕਰਨ ਦੇ ਸੰਕੇਤ ਮਿਲਦੇ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕਾਸੋ ਆਪਰੇਸ਼ਨਾਂ ਦਾ ਮੁੱਖ ਉਦੇਸ਼ ਨਸ਼ੇ ਦੀ ਲੱਤ ਨਾਲ ਜੁੜੇ ਤੱਤਾਂ ‘ਤੇ ਨੱਕੇਲ ਕੱਸਣਾ ਅਤੇ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਪੁਲਸ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਉੱਥੇ ਤੁਰੰਤ ਕਾਰਵਾਈ ਕਰਦੇ ਹੋਏ ਸਰਚ ਅਭਿਆਨ ਚਲਾਇਆ ਜਾਂਦਾ ਹੈ ਤਾਂ ਜੋ ਅਪਰਾਧਿਕ ਗਤੀਵਿਧੀਆਂ ਨੂੰ ਸ਼ੁਰੂ ’ਚ ਹੀ ਰੋਕਿਆ ਜਾ ਸਕੇ। ਪੁਲਿਸ ਅਧਿਕਾਰੀ ਨੇ ਆਖਿਆ ਕਿ ਸਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕਾਸੋ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਜਲਾਲਾਬਾਦ ਸਬ ਡਵੀਜ਼ਨ ਜਲਾਲਾਬਾਦ ਦੇ ਡੀ.ਐਸ.ਪੀ ਗੁਰਸੇਵਕ ਸਿੰਘ ਬਰਾੜ , ਥਾਣਾ ਸਿਟੀ ਜਲਾਲਾਬਾਦ ਐਸ.ਐਚ.ੳ ਅੰਗਰੇਜ ਕੁਮਾਰ, ਥਾਣਾ ਸਦਰ ਜਲਾਲਾਬਾਦ ਐਸ.ਐਚ.ੳ ਸ਼ਿਮਲਾ ਰਾਣੀ, ਥਾਣਾ ਵੈਰੋ ਕਾ ਐਸ.ਐਚ.ੳ ਪਰਮਜੀਤ ਸਿੰਘ, ਐਸ.ਐਚ.ੳ ਥਾਣਾ ਅਮੀਰ ਖਾਸ ਜੁਗਰਾਜ ਸਿੰਘ, ਟ੍ਰੈਫ਼ਿਕ ਇੰਚਰਾਜ ਸੂਰਜ ਭਾਨ ਤੋਂ ਇਲਾਵਾ ਪੁਲਸ ਮੁਲਾਜ਼ਮ ਵੱਡੀ ਗਿਣਤੀ ’ਚ ਹਾਜ਼ਰ ਸਨ।