ਭੋਗ ’ਤੇ ਵਿਸ਼ੇਸ਼ ਭੋਗ ’ਤੇ ਵਿਸ਼ੇਸ਼ ਭੋਗ ’ਤੇ ਵਿਸ਼ੇਸ਼

ਪੰਜਾਬੀ ਜਾਗਰਣ, ਰਿਪੋਰਟਰ, ਫਿਰੋਜ਼ਪੁਰ : 9 ਮਈ 2026 ਦਾ ਉਹ ਮਨਹੂਸ ਦਿਨ ਪਿੰਡ ਟਿੱਬੀ ਕਲਾਂ ਦੇ ਥਿੰਦ ਪਰਿਵਾਰ ਅਤੇ ਪਿੰਡ ਭਾਗੋ ਕੇ ਦਾ ਮੋਮੀ ਪਰਿਵਾਰ, ਰਿਸ਼ਤੇਦਾਰ ਅਤੇ ਭੈਣਾਂ ਭਰਾ ਕਦੇ ਨਹੀਂ ਭੁੱਲ ਸਕਦੇ, ਜਿਸ ਦਿਨ ਪਿੰਡ ਟਿੱਬੀ ਕਲਾਂ ਦੇ ਥਿੰਦ ਪਰਿਵਾਰ ਦੀ ਧੀ ਅਤੇ ਭਾਗੋ ਕੇ ਦੇ ਮੋਮੀ ਪਰਿਵਾਰ ਦੀ ਨੂੰਹ ਦਵਿੰਦਰ ਕੌਰ ਹਮੇਸ਼ਾ ਲਈ ਇਸ ਸੰਸਾਰ ਨੂੰ ਅਲਵਿਦਾ ਆਖ ਗਈ । ਦਵਿੰਦਰ ਕੌਰ ਦੇ ਅਕਾਲ ਚਲਾਣੇ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਭੈਣ ਭਰਾਵਾਂ ਅਤੇ ਕਰੀਬੀਆਂ ਵਿਚ ਸੋਗ ਦੀ ਅਜਿਹੀ ਲਹਿਰ ਫੈਲ ਗਈੰ,ਜਿਸ ਦੇ ਸਦਮੇਂ ਤੋਂ ਉਹ ਅੱਜ ਤੱਕ ਉਭਰ ਨਹੀਂ ਪਾਏ। ਸਾਦਗੀ, ਸੇਵਾ ਭਾਵਨਾ ਅਤੇ ਪਰਿਵਾਰਕ ਮੁੱਲਾਂ ਦੀ ਪ੍ਰਤੀਕ ਦਵਿੰਦਰ ਕੌਰ ਦਾ ਜਨਮ 15 ਅਗਸਤ 1986 ਨੂੰ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਪਿਤਾ ਕਸ਼ਮੀਰ ਸਿੰਘ ਦੇ ਗ੍ਰਹਿ ਪਿੰਡ ਟਿੱਬੀ ਕਲਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਇਆ। ਉਹ ਆਪਣੇ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਸੀ। ਉਨ੍ਹਾਂ ਦੇ ਵੱਡੇ ਭਰਾ ਗੁਰਭੇਜ ਸਿੰਘ ਟਿੱਬੀ, ਜੋ ਵੇਰਕਾ ਫਿਰੋਜ਼ਪੁਰ ਡੇਅਰੀ ਦੇ ਚੇਅਰਮੈਨ ਅਤੇ ਆਲ ਇੰਡੀਆ ਕਾਂਗਰਸ ਦੇ ਓਬੀਸੀ ਡਿਪਾਰਟਮੈਂਟ ਦੇ ਨੈਸ਼ਨਲ ਕੁਆਰਡੀਨੇਟਰ ਹਨ, ਸਮੇਤ ਰਜਿੰਦਰ ਸਿੰਘ ਅਤੇ ਹਰਪਾਲ ਸਿੰਘ ਯੂਕੇ ਨਾਲ ਉਨ੍ਹਾਂ ਦਾ ਬੇਹੱਦ ਪਿਆਰ ਭਰਿਆ ਨਾਤਾ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਟਿੱਬੀ ਕਲਾਂ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਫਿਰੋਜ਼ਪੁਰ ਤੋਂ ਹਾਸਲ ਕੀਤੀ। ਸਾਲ 2008 ਵਿਚ ਉਹਨਾਂ ਦਾ ਵਿਆਹ ਪਿੰਡ ਭਾਗੋ ਕੇ ਦੇ ਸਰਪੰਚ ਸੁਖਦੇਵ ਸਿੰਘ ਮੋਮੀ ਦੇ ਸਪੁੱਤਰ ਅਮਨਦੀਪ ਸਿੰਘ ਸਰਪੰਚ (ਡਾਇਰੈਕਟਰ ਮਿਲਕ ਪਲਾਂਟ ਫਿਰੋਜ਼ਪੁਰ) ਨਾਲ ਹੋਇਆ। ਇਸ ਸੁਖੀ ਪਰਿਵਾਰ ਵਿੱਚ ਹੋਣਹਾਰ ਪੁੱਤਰ ਸਾਹਿਬਜੀਤ ਸਿੰਘ ਨੇ ਜਨਮ ਲਿਆ, ਜਿਸ ਨਾਲ ਪਰਿਵਾਰ ਦੀਆਂ ਖੁਸ਼ੀਆਂ ਹੋਰ ਵਧ ਗਈਆਂ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਹਾਲੇ ਮਾਂ ਵਜੋਂ ਆਪਣੇ ਬੱਚੇ ਦੀਆਂ ਰੀਝਾਂ ਪੂਰੀਆਂ ਕਰਨ ਦੇ ਸੁਪਨੇ ਵੀ ਅਧੂਰੇ ਸਨ ਕਿ ਪਰਮਾਤਮਾ ਦੇ ਭਾਣੇ ਅਨੁਸਾਰ ਆਪਣੇ ਪਿੱਛੇ ਅਨੇਕਾਂ ਅਮਿੱਟ ਯਾਦਾਂ ਛੱਡਦਿਆਂ 9 ਮਈ 2026 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਹਨਾਂ ਦੇ ਅਚਨਚੇਤੀ ਵਿਛੋੜੇ ਨਾਲ ਪਰਿਵਾਰ, ਸਾਕ-ਸਬੰਧੀਆਂ ਅਤੇ ਇਲਾਕੇ ਵਿਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ।ਉਂਨ੍ਹਾਂ ਦਾ ਨਿਮਰ ਸੁਭਾਅ, ਮਿਲਣਸਾਰ ਪ੍ਰਵਿਰਤੀ ਅਤੇ ਪਰਿਵਾਰ ਪ੍ਰਤੀ ਸਮਰਪਣ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਦਵਿੰਦਰ ਕੌਰ ਮੋਮੀ ਸਰਪੰਚ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 17 ਮਈ 2026 ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ, ਪਿੰਡ ਭਾਗੋ ਕੇ, ਤਹਿਸੀਲ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ, ਜਿਥੇ ਸਮੂਹ ਸਾਕ-ਸਬੰਧੀ, ਇਲਾਕਾ ਨਿਵਾਸੀ, ਰਾਜਸੀ, ਧਾਰਮਿਕ ਤੇ ਸਮਾਜਿਕ ਆਗੂ ਅੰਤਿਮ ਅਰਦਾਸ ਵਿਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਂਜ਼ਲੀ ਭੇਟ ਕਰਨਗੇ।