‘ਆਪ੍ਰੇਸ਼ਨ ਸਿੰਦੂਰ’ ਦੀ ਵਰ੍ਹੇਗੰਢ ’ਤੇ ਡੀਜ਼ਲ ਸ਼ੈੱਡ ਲੁਧਿਆਣਾ ਦਾ ਵਿਸ਼ੇਸ਼ ਸਨਮਾਨ
‘ਆਪ੍ਰੇਸ਼ਨ ਸਿੰਦੂਰ’ ਦੀ ਵਰ੍ਹੇਗੰਢ ’ਤੇ ਡੀਜ਼ਲ ਸ਼ੈੱਡ ਲੁਧਿਆਣਾ ਦਾ ਵਿਸ਼ੇਸ਼ ਸਨਮਾਨ
Publish Date: Sun, 10 May 2026 03:29 PM (IST)
Updated Date: Sun, 10 May 2026 03:33 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਦੇਸ਼ ਹਿੱਤ ਅਤੇ ਰਾਸ਼ਟਰ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਸਾਬਤ ਕਰਦੇ ਹੋਏ ਡੀਜ਼ਲ ਸ਼ੈੱਡ ਲੁਧਿਆਣਾ ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ। 7 ਮਈ 2025 ਤੋਂ 15 ਮਈ 2025 ਤੱਕ ਚੱਲੀ ਇਸ ਵਿਸ਼ੇਸ਼ ਮੁਹਿੰਮ ਵਿਚ ਡੀਜ਼ਲ ਸ਼ੈੱਡ ਲੁਧਿਆਣਾ ਵੱਲੋਂ ਲੋੜੀਂਦੀਆਂ ਮਾਲ ਗੱਡੀਆਂ, ਫੌਜੀ ਵਿਸ਼ੇਸ਼ ਟਰੇਨਾਂ ਅਤੇ ਹੋਰ ਜ਼ਰੂਰੀ ਰੇਲ ਸੇਵਾਵਾਂ ਲਈ ਲਗਾਤਾਰ ਲੋਕੋਮੋਟਿਵ (ਇੰਜਣ) ਉਪਲਬੱਧ ਕਰਵਾਏ ਗਏ। ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਡੀਜ਼ਲ ਸ਼ੈੱਡ ਲੁਧਿਆਣਾ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਬ੍ਰੌਡ ਗੇਜ ਡੀਜ਼ਲ ਸ਼ੈੱਡ ਹੋਣ ਕਰਕੇ, ਸੰਵੇਦਨਸ਼ੀਲ ਅਤੇ ਰਣਨੀਤਕ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਭੂਮਿਕਾ ਵਿਚ ਰਿਹਾ। ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ ਡੀਜ਼ਲ ਸ਼ੈੱਡ ਲੁਧਿਆਣਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮਿਸਾਲੀ ਸਮਰਪਣ, ਸ਼ਾਨਦਾਰ ਟੀਮ ਭਾਵਨਾ ਅਤੇ ਕਰਤੱਵ ਨਿਸ਼ਠਾ ਦਾ ਪ੍ਰਦਰਸ਼ਨ ਕਰਦੇ ਹੋਏ ਸ਼ਾਨਦਾਰ ਕਾਰਜ ਸੰਪੰਨ ਕੀਤਾ। ਇਸ ਮਾਣਮੱਤੇ ਮੌਕੇ ’ਤੇ ਮੰਡਲ ਰੇਲ ਪ੍ਰਬੰਧਕ ਫਿਰੋਜ਼ਪੁਰ ਸੰਜੀਵ ਕੁਮਾਰ ਨੇ ਡੀਜ਼ਲ ਸ਼ੈੱਡ ਲੁਧਿਆਣਾ ਦੀ ਪੂਰੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਸ਼ੈੱਡ ਦੇ ਕਰਮਚਾਰੀਆਂ ਦੀ ਰਾਸ਼ਟਰ ਹਿੱਤ ਵਿਚ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਡੀਜ਼ਲ ਸ਼ੈੱਡ ਲੁਧਿਆਣਾ ਦੇ ਇਨ੍ਹਾਂ ਇਤਿਹਾਸਕ ਅਤੇ ਮਾਣਮੱਤੇ ਯਤਨਾਂ ਦੀ ਯਾਦ ਵਿਚ ‘ਆਪ੍ਰੇਸ਼ਨ ਸਿੰਦੂਰ’ ਨੂੰ ਸਮਰਪਿਤ ਇਕ ਵਿਸ਼ੇਸ਼ ਵਰ੍ਹੇਗੰਢ ਸਮਾਗਮ ਦਾ ਆਯੋਜਨ ‘ਗੌਰਵ ਪਾਰਕ’ ਵਿਚ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੇ ਭਾਗ ਲਿਆ। ਸਮਾਗਮ ਦੌਰਾਨ ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ (ਡੀਜ਼ਲ), ਲੁਧਿਆਣਾ, ਰਾਹੁਲ ਭਾਰਤੀ ਨੇ ਹਾਜ਼ਰ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਸਭ ਦਾ ਮਨੋਬਲ ਵਧਾਇਆ। ਡੀਜ਼ਲ ਸ਼ੈੱਡ ਲੁਧਿਆਣਾ ਨੇ ਹਮੇਸ਼ਾ ਰਾਸ਼ਟਰ ਹਿੱਤ ਅਤੇ ਭਾਰਤੀ ਰੇਲਵੇ ਦੀ ਸੇਵਾ ਨੂੰ ਸਰਵਉੱਚ ਤਰਜੀਹ ਦਿੱਤੀ ਹੈ ਅਤੇ ਜਦੋਂ ਵੀ ਦੇਸ਼ ਨੇ ਸੱਦਾ ਦਿੱਤਾ ਹੈ, ਉਦੋਂ ਸ਼ੈੱਡ ਦੇ ਕਰਮਚਾਰੀਆਂ ਨੇ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਡੀਜ਼ਲ ਸ਼ੈੱਡ ਲੁਧਿਆਣਾ ਰਾਸ਼ਟਰ ਸੇਵਾ ਵਿਚ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਦੇਸ਼ ਦੀ ਲੋੜ ਪੈਣ ’ਤੇ ਹਮੇਸ਼ਾ ਤਿਆਰ ਰਹੇਗਾ।