ਵਿੱਦਿਆ ਤੇ ਵਾਤਾਵਰਣ ਸੰਭਾਲ ਦੇ ਖੇਤਰ ’ਚ ਯੋਗਦਾਨ ਲਈ ਪ੍ਰਿੰਸੀਪਲ ਜੋਸਨ ਦਾ ਸਨਮਾਨ
ਵਿੱਦਿਆ ਤੇ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਦਾ ਵਿਸ਼ੇਸ਼ ਸਨਮਾਨ
Publish Date: Wed, 13 May 2026 03:58 PM (IST)
Updated Date: Wed, 13 May 2026 04:00 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਜੀਵਨ ਮੱਲ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਦਾ ਸਿੱਖਿਆ ਅਤੇ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਵਿਲੱਖਣ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਪ੍ਰਿੰਸੀਪਲ ਜੋਸਨ ਨਾ ਸਿਰਫ਼ ਵਿਦਿਆ ਦੇ ਮਿਆਰ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾ ਰਹੇ ਹਨ, ਸਗੋਂ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੇ ਸਹਿਯੋਗ ਨਾਲ ਸਕੂਲ ਦਾ ਆਲਾ-ਦੁਆਲਾ ਹਰਿਆ-ਭਰਿਆ ਬਣਿਆ ਹੋਇਆ ਹੈ ਅਤੇ ਸਫ਼ਾਈ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਗੁਰਤੇਜ ਸਿੰਘ ਗਿੱਲ ਅਤੇ ਮਾਸਟਰ ਮੇਜਰ ਸਿੰਘ ਗਿੱਲ ਨੇ ਵੀ ਪ੍ਰਿੰਸੀਪਲ ਜੋਸਨ ਵੱਲੋਂ ਕੀਤੇ ਜਾ ਰਹੇ ਵਿਦਿਅਕ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਨੇ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਕਿਰਤੀ ਕਲੱਬ ਸਮਾਜ ਵਿਚ ਵਾਤਾਵਰਣ ਸੰਭਾਲ ਲਈ ਸ਼ਲਾਘਾਯੋਗ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ 14 ਵਿਦਿਆਰਥੀਆਂ ਨੇ ਭਾਰਤ ਸਰਕਾਰ ਦੀ ਐਨਐਮਐਮਐਸ ਸਕੀਮ ਅਧੀਨ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ, ਜਿਸ ਤਹਿਤ ਉਨ੍ਹਾਂ ਨੂੰ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ 12 ਹਜ਼ਾਰ ਰੁਪਏ ਸਲਾਨਾ ਵਜ਼ੀਫ਼ਾ ਮਿਲੇਗਾ। ਇਸ ਤੋਂ ਇਲਾਵਾ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਵੀ ਸੌ ਫੀਸਦੀ ਰਿਹਾ। ਇਸ ਮੌਕੇ ਜਸਵੰਤ ਸਿੰਘ ਨਾਮਦੇਵ, ਗੁਰਦੀਪ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ ਅਟਵਾਲ, ਬਲਦੇਵ ਸਿੰਘ ਬਾਵਾ, ਸੁਰਜੀਤ ਕੁਮਾਰ ਚੌਧਰੀ, ਪ੍ਰਤਾਪ ਸਿੰਘ ਹੀਰਾ, ਹਰਜਿੰਦਰ ਸਿੰਘ ਨਾਰੰਗ, ਹਰਜੀਤ ਸਿੰਘ ਸਚਦੇਵਾ, ਨਿਰਮਲਜੀਤ ਕੌਰ, ਮਾਸਟਰ ਅਜੈ ਕੁਮਾਰ, ਮਾਸਟਰ ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ ਮਾਨਸਾ ਅਤੇ ਜੁਗਰਾਜ ਸਿੰਘ ਭੂਈ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।