ਐੱਚਪੀਵੀ ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਾਧਾ, 31 ਅਗਸਤ ਤੱਕ ਮਿਲੇਗਾ ਲਾਭ
ਧੀਆਂ ਦੀ ਸਿਹਤਯਾਬੀ ਲਈ ਸਿਹਤ ਵਿਭਾਗ ਦਾ ਵਿਸ਼ੇਸ਼ ਤੋਹਫ਼ਾ
Publish Date: Mon, 01 Jun 2026 03:19 PM (IST)
Updated Date: Mon, 01 Jun 2026 03:20 PM (IST)

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਜ਼ਿਲ੍ਹਾ ਫਾਜ਼ਿਲਕਾ ਵਿੱਚ ਚਲਾਈ ਜਾ ਰਹੀ ਐਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਟੀਕਾਕਰਨ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਇਸ ਦੀ ਮਿਆਦ ਵਿੱਚ 90 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਹੁਣ ਇਹ ਮੁਹਿੰਮ 31 ਅਗਸਤ 2026 ਤੱਕ ਜਾਰੀ ਰਹੇਗੀ, ਜਿਸ ਨਾਲ ਬਾਕੀ ਰਹਿ ਗਈਆਂ ਯੋਗ ਲੜਕੀਆਂ ਨੂੰ ਟੀਕਾਕਰਨ ਕਰਵਾਉਣ ਦਾ ਮੌਕਾ ਮਿਲੇਗਾ। ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਅਗਵਾਈ ਹੇਠ ਚਲ ਰਹੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ 28 ਫਰਵਰੀ 2026 ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ 14 ਤੋਂ 15 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਐਚ.ਪੀ.ਵੀ. ਵੈਕਸੀਨ ਲਗਾਈ ਜਾ ਰਹੀ ਹੈ, ਜੋ ਭਵਿੱਖ ਵਿੱਚ ਸਰਵਾਈਕਲ ਕੈਂਸਰ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਧਾਈ ਗਈ ਮਿਆਦ ਦੌਰਾਨ ਉਹ ਲੜਕੀਆਂ ਹੀ ਟੀਕਾਕਰਨ ਲਈ ਯੋਗ ਹੋਣਗੀਆਂ, ਜਿਨ੍ਹਾਂ ਨੇ ਆਪਣਾ 14ਵਾਂ ਜਨਮ ਦਿਨ ਮਨਾ ਲਿਆ ਹੈ ਪਰ ਅਜੇ 15 ਸਾਲ ਦੀ ਉਮਰ ਪੂਰੀ ਨਹੀਂ ਕੀਤੀ। ਟੀਕਾਕਰਨ ਲਈ ਮਾਪਿਆਂ ਦੀ ਸਹਿਮਤੀ ਲਾਜ਼ਮੀ ਹੈ, ਜੋ ਮੋਬਾਈਲ ਤੇ ਪ੍ਰਾਪਤ ਓ.ਟੀ.ਪੀ. ਜਾਂ ਕੰਸੈਂਟ ਫਾਰਮ ਰਾਹੀਂ ਦਿੱਤੀ ਜਾ ਸਕਦੀ ਹੈ। ਲੜਕੀਆਂ ਨੂੰ ਆਪਣੇ ਨਾਲ ਆਧਾਰ ਕਾਰਡ ਲਿਆਉਣਾ ਵੀ ਜ਼ਰੂਰੀ ਹੋਵੇਗਾ। ਡਾ. ਰਿੰਕੂ ਚਾਵਲਾ ਨੇ ਕਿਹਾ ਕਿ ਐਚ.ਪੀ.ਵੀ. ਵਾਇਰਸ ਦੀਆਂ ਕੁਝ ਕਿਸਮਾਂ ਸਰਵਾਈਕਲ ਕੈਂਸਰ ਦਾ ਕਾਰਨ ਬਣਦੀਆਂ ਹਨ, ਜਿਨ੍ਹਾਂ ਵਿੱਚ ਟਾਈਪ-16 ਅਤੇ ਟਾਈਪ-18 ਸਭ ਤੋਂ ਵੱਧ ਜ਼ਿੰਮੇਵਾਰ ਹਨ। ਸਰਕਾਰ ਵੱਲੋਂ ਲਗਾਈ ਜਾ ਰਹੀ ਵੈਕਸੀਨ ਵਾਇਰਸ ਦੀਆਂ ਚਾਰ ਮਹੱਤਵਪੂਰਨ ਕਿਸਮਾਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ ਅਤੇ ਸਰੀਰ ਵਿੱਚ ਰੋਗ-ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਲਗਭਗ 20 ਫੀਸਦੀ ਯੋਗ ਲੜਕੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਕਵਰੇਜ ਵਧਾਉਣ ਲਈ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਆਸ਼ਾ ਵਰਕਰ ਘਰ-ਘਰ ਜਾ ਕੇ ਮਾਪਿਆਂ ਨੂੰ ਵੈਕਸੀਨ ਦੇ ਲਾਭਾਂ ਬਾਰੇ ਜਾਣਕਾਰੀ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੀਆਂ ਧੀਆਂ ਦੀ ਸਿਹਤ ਸੁਰੱਖਿਆ ਲਈ ਐਚ.ਪੀ.ਵੀ. ਟੀਕਾਕਰਨ ਇੱਕ ਮਹੱਤਵਪੂਰਨ ਉਪਰਾਲਾ ਹੈ, ਜੋ ਉਨ੍ਹਾਂ ਨੂੰ ਭਵਿੱਖ ਵਿੱਚ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਵਿੱਚ ਸਹਾਇਕ ਸਾਬਤ ਹੋਵੇਗਾ।