ਉੱਤਰ ਰੇਲਵੇ ਮਹਿਲਾ ਭਲਾਈ ਸੰਗਠਨ ਵੱਲੋਂ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ
ਉੱਤਰ ਰੇਲਵੇ ਮਹਿਲਾ ਭਲਾਈ ਸੰਗਠਨ ਵੱਲੋਂ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ
Publish Date: Mon, 11 May 2026 05:47 PM (IST)
Updated Date: Mon, 11 May 2026 05:48 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਜ਼ਦੂਰ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਅੱਜ 11 ਮਈ ਨੂੰ ਉੱਤਰ ਰੇਲਵੇ ਮਹਿਲਾ ਭਲਾਈ ਸੰਗਠਨ, ਫਿਰੋਜ਼ਪੁਰ ਵੱਲੋਂ ਰੇਲਵੇ ਕਲੱਬ ਵਿਖੇ ਇਕ ਪ੍ਰਭਾਵਸ਼ਾਲੀ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੰਗਠਨ ਦੀ ਪ੍ਰਧਾਨ ਡਾ. ਮੋਨੀਸ਼ਾ ਸ਼ਰਮਾ ਨੇ ਕੀਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਵਿਚ ਤਾਇਨਾਤ 50 ਰੇਲ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਅਤੇ ਬਿਹਤਰੀਨ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਰੇਲਵੇ ਦੇ ਉਨ੍ਹਾਂ ਹੇਠਲੇ ਪੱਧਰ ਦੇ ਕਰਮਚਾਰੀਆਂ ਦੇ ਮਨੋਬਲ ਨੂੰ ਵਧਾਉਣਾ ਸੀ ਜੋ ਦਿਨ-ਰਾਤ ਰੇਲ ਸੇਵਾਵਾਂ ਨੂੰ ਸੁਚਾਰੂ ਰੱਖਣ ਲਈ ਆਪਣਾ ਯੋਗਦਾਨ ਪਾਉਂਦੇ ਹਨ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉੱਤਰ ਰੇਲਵੇ ਮਹਿਲਾ ਭਲਾਈ ਸੰਗਠਨ ਦੀ ਪ੍ਰਧਾਨ ਡਾ. ਮੋਨੀਸ਼ਾ ਸ਼ਰਮਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਠਨ ਵੱਲੋਂ ਮਿਹਨਤੀ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਸਨਮਾਨਿਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੁਰਸਕਾਰ ਪ੍ਰਾਪਤ ਕਰਨਾ ਕੇਵਲ ਇਕ ਸਨਮਾਨ ਨਹੀਂ ਹੈ, ਸਗੋਂ ਇਹ ਤੁਹਾਡੇ ਸਮਰਪਣ, ਕਰਤੱਵ ਨਿਭਾਉਣ ਦੀ ਭਾਵਨਾ ਅਤੇ ਅਣਥੱਕ ਮਿਹਨਤ ਦਾ ਪ੍ਰਤੀਕ ਹੈ। ਤੁਸੀਂ ਸਾਰੇ ਰੇਲਵੇ ਕਰਮਚਾਰੀ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋ। ਸਨਮਾਨਿਤ ਹੋਣ ਵਾਲੇ 50 ਕਰਮਚਾਰੀਆਂ ਵਿੱਚ ਇੰਜੀਨੀਅਰਿੰਗ, ਸੰਚਾਲਨ (ਆਪਰੇਟਿੰਗ), ਬਿਜਲੀ ਕਰਸ਼ਣ (ਟੀਆਰਡੀ), ਸਿਗਨਲ ਅਤੇ ਦੂਰਸੰਚਾਰ ਵਿਭਾਗ ਦੇ ਟ੍ਰੈਕ ਮੇਨਟੇਨਰ, ਪੁਆਇੰਟਸਮੈਨ, ਖਲਾਸੀ, ਟੈਕਨੀਸ਼ੀਅਨ ਅਤੇ ਹੋਰ ਰੇਲ ਕਰਮਚਾਰੀ ਸ਼ਾਮਲ ਸਨ। ਸੰਗਠਨ ਦਾ ਮੁੱਖ ਉਦੇਸ਼ ਇਨ੍ਹਾਂ ਕਰਮਚਾਰੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣਾ ਹੈ ਤਾਂ ਜੋ ਉਹ ਭਵਿੱਖ ਵਿਚ ਹੋਰ ਵੀ ਉਤਸ਼ਾਹ ਨਾਲ ਕੰਮ ਕਰ ਸਕਣ। ਇਸ ਮੌਕੇ ਫਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਸੰਜੀਵ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਤੋਂ ਇਲਾਵਾ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਮੁੱਖ ਚਿਕਿਤਸਾ ਅਧਿਕਾਰੀ ਡਾ. ਰੰਜਨਾ ਸਹਿਗਲ, ਮਹਿਲਾ ਭਲਾਈ ਸੰਗਠਨ ਦੀ ਉਪ-ਪ੍ਰਧਾਨ ਆਕਾਂਕਸ਼ਾ ਗਰਗ ਅਤੇ ਸਕੱਤਰ ਨੀਲਮ ਕੁਮਾਰੀ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੌਰਾਨ ਰੇਲਵੇ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਵੀ ਵੱਡੀ ਗਿਣਤੀ ਵਿਚ ਮੌਜ਼ੂਦ ਸਨ। ਸਮਾਗਮ ਦੇ ਅੰਤ ਵਿਚ ਸੰਗਠਨ ਦੇ ਅਹੁਦੇਦਾਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਰੇਲਵੇ ਦੀ ਤਰੱਕੀ ਵਿਚ ਕਰਮਚਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।