ਗਿਆਨ ਭਾਰਤਮ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਸੰਭਾਲਣ ਲਈ ਵਿਸ਼ੇਸ਼ ਮੁਹਿੰਮ
ਗਿਆਨ ਭਾਰਤਮ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਸੰਭਾਲਣ ਲਈ ਵਿਸ਼ੇਸ਼ ਮੁਹਿੰਮ
Publish Date: Tue, 28 Apr 2026 04:35 PM (IST)
Updated Date: Tue, 28 Apr 2026 04:37 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕੇਂਦਰ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵੱਲੋਂ ‘ਗਿਆਨ ਭਾਰਤਮ ਮਿਸ਼ਨ’ ਤਹਿਤ ਵੱਖ-ਵੱਖ ਥਾਵਾਂ ’ਤੇ ਮੌਜ਼ੂਦ ਸਾਂਭਣਯੋਗ ਪੁਰਾਣੀਆਂ ਹੱਥ ਲਿਖਤਾਂ (ਮੈਨੂਸਕ੍ਰਿਪਟਸ) ਨੂੰ ਖੋਜਣ, ਸਨਮਾਨ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦਾ ਸੁਹਿਰਦ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਤੇ ਖਰੜੇ ਆਦਿ ਨੂੰ ਸਾਂਭਣ ਦਾ ਕਾਰਜ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਸਾਰੀਆਂ ਹੱਥ ਲਿਖਤਾਂ ਖੋਜਣ ਉਪਰੰਤ ‘ਗਿਆਨ ਭਾਰਤਮ’ ਐਪ ਉੱਪਰ ਜਾ ਕੇ ਇਹਨਾਂ ਦੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ। ਇਸ ਕਾਰਜ ਲਈ ਜ਼ਿਲ੍ਹੇ ਵਿਚ ਸਰਵੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸਰਵੇ ਟੀਮਾਂ ਵੱਲੋਂ ਇਹ ਹੱਥ ਲਿਖਤਾਂ ਦੀ ਨਿਸ਼ਾਨਦੇਹੀ ਕਰਕੇ ਇਸਦੀ ਜਾਣਕਾਰੀ ਗਿਆਨ ਭਾਰਤਮ ਐਪ ਉੱਪਰ ਅਪਲੋਡ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਇਸ ਮਿਸ਼ਨ ਲਈ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਜਾ ਕਿਸੇ ਸੰਸਥਾ, ਲਾਇਬਰੇਰੀ, ਸ੍ਰੀ ਗੁਰਦੁਆਰਾ ਸਾਹਿਬ, ਮੰਦਿਰ, ਡੇਰਾ ਜਾਂ ਕਿਸੇ ਵੀ ਹੋਰ ਸਥਾਨ ਉੱਪਰ ਅਜਿਹੀ ਕੋਈ ਦੁਰਲੱਭ ਹੱਥ ਲਿਖਤ ਮੌਜ਼ੂਦ ਹੈ ਤਾਂ ਇਸ ਦੀ ਜਾਣਕਾਰੀ ਇਸ ਮਿਸ਼ਨ ਲਈ ਤਾਇਨਾਤ ਕੀਤੇ ਗਏ ਸਹਾਇਕ ਨੋਡਲ ਅਫ਼ਸਰ ਕਮ ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਦੀਪ ਸਿੰਘ ਸੰਧੂ ’ਤੇ ਸਾਂਝੀ ਕੀਤੀ ਜਾਵੇ ਤਾਂ ਜੋ ਇਸ ਮਿਸ਼ਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਿਸ਼ਨ ਦੀ ਕਾਮਯਾਬੀ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਇਸ ਤੋਂ ਪਹਿਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਵੱਲੋਂ ਗਿਆਨ ਭਾਰਤਮ ਐਪ ਦੀ ਵਰਤੋਂ ਬਾਰੇ ਸਮੂਹ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਗਈ। ਮੀਟਿੰਗ ਵਿਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਸਤਿੰਦਰ ਸਿੰਘ, ਸਕੱਤਰ ਰੈੱਡ ਕਰਾਸ ਸੁਨੀਲ ਕੁਮਾਰ, ਡਾ. ਰਾਮੇਸ਼ਵਰ ਸਿੰਘ ਸਮੇਤ ਸਿੱਖਿਆ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਆਦਿ ਹਾਜ਼ਰ ਸਨ।